ਜ਼ਿੰਦਗੀ ਦੀ ਜੰਗ ਹਾਰ ਗਏ ਗੁਲਜ਼ਾਰ ਸਿੰਘ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ

ਕੈਬਨਿਟ ਮੰਤਰੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ – ਅਮਰੀਕ ਸਿੰਘ ਹੈਪੀ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 09 ਸਤੰਬਰ:
ਦਿੜ੍ਹਬਾ ਵਿਧਾਨ ਸਭਾ ਹਲਕੇ ਦੇ ਪਿੰਡ ਤੂਰ ਵਣਜਾਰਾ ਦੇ ਰਹਿਣ ਵਾਲੇ ਬਜ਼ੁਰਗ ਗੁਲਜ਼ਾਰ ਸਿੰਘ ਦੀ ਦੁਖਦ ਮੌਤ ‘ਤੇ ਅਮਰੀਕ ਸਿੰਘ ਹੈਪੀ, ਹਲਕਾ ਚਮਕੌਰ ਸਾਹਿਬ ਨੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ‘ਤੇ ਤਿੱਖਾ ਹਮਲਾ ਬੋਲਿਆ ਹੈ। ਹੈਪੀ ਨੇ ਕਿਹਾ ਕਿ ਗੁਲਜ਼ਾਰ ਸਿੰਘ ਬੀਮਾਰੀ ਨਾਲ ਨਹੀਂ, ਬਲਕਿ ਸਰਕਾਰੀ ਧੱਕੇਸ਼ਾਹੀ ਅਤੇ ਰਾਜਨੀਤਿਕ ਦਬਾਅ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਏ ਹਨ। ਉਨ੍ਹਾਂ ਕਿਹਾ ਕਿ ਉਸ ਦਾ ਕਸੂਰ ਸਿਰਫ਼ ਐਨਾ ਕੁ ਸੀ ਕਿ ਉਹ ਆਪਣੇ ਨਸ਼ੇੜੀ ਪੁੱਤ ਦੀ ਜਾਨ ਬਚਾਉਣ ਅਤੇ ਇਲਾਕੇ ਵਿੱਚ ਖੁੱਲ੍ਹੇਆਮ ਵਿਕ ਰਹੇ ਨਸ਼ੇ ਦੇ ਖ਼ਿਲਾਫ਼ ਸ਼ਿਕਾਇਤ ਕਰਨ ਮੰਤਰੀ ਦੇ ਪ੍ਰੋਗਰਾਮ ਵਿੱਚ ਗਏ ਸਨ, ਪਰੰਤੂ ‘ਬਦਲਾਅ’ ਦਾ ਨਾਅਰਾ ਦੇਣ ਵਾਲੀ ਸਰਕਾਰ ਦੇ ਕੈਬਨਿਟ ਮੰਤਰੀ ਨੇ ਇਨਸਾਫ਼ ਦਿਵਾਉਣ ਦੀ ਜਗ੍ਹਾ ਇਸ ਬਜ਼ੁਰਗ ਆਦਮੀ ‘ਤੇ ਮਾਫ਼ੀ ਮੰਗਣ ਲਈ ਬਹੁਤ ਜ਼ਿਆਦਾ ਮਾਨਸਿਕ ਦਬਾਅ ਪਾਇਆ। ਇਸ ਬੇਇੱਜ਼ਤੀ ਅਤੇ ਧਮਕੀ ਤੋਂ ਤੰਗ ਆ ਕੇ ਇਸ ਬਜ਼ੁਰਗ ਆਦਮੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।

ਹੈਪੀ ਨੇ ਪੁਲਿਸ ਅਤੇ ਪ੍ਰਸ਼ਾਸਨ ਅੱਗੇ ਮੁੱਖ ਮੰਗ ਰੱਖਦਿਆਂ ਕਿਹਾ ਕਿ ਕੈਬਨਿਟ ਮੰਤਰੀ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕਰਕੇ ਖ਼ੁਦਕੁਸ਼ੀ ਲਈ ਉਕਸਾਉਣ ਤਹਿਤ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਕੈਬਨਿਟ ਮੰਤਰੀ ਨੂੰ ਹਟਾ ਦੇਣਾ ਚਾਹੀਦਾ ਹੈ ਤਾਂ ਜੋ ਮਾਮਲੇ ਦੀ ਨਿਰਪੱਖ ਜਾਂਚ ਹੋ ਸਕੇ। ਇਸ ਦੇ ਨਾਲ਼ ਹੀ ਦੋਸ਼ੀ ਡਰੱਗ ਸਮੱਗਲਰਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਨਸ਼ਿਆਂ ਨਾਲ਼ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਹੈਪੀ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ੇ ਦੇ ਖ਼ਿਲਾਫ਼ ਬੋਲਣਾ ਵੀ ਮਹਿੰਗਾ ਪੈ ਰਿਹਾ ਹੈ। ਉਨ੍ਹਾਂ ਕਿਹਾ ਇਸ ਧੱਕੇਸ਼ਾਹੀ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।