ਡਾ ਲਖਵਿੰਦਰ ਕੌਰ ਵਿਰਕ ਦੀ ਕਹਾਣੀ ‘ਸਕੂਨ’ ‘ਤੇ ਹੋਈ ਵਿਚਾਰ ਚਰਚਾ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 24 ਅਗਸਤ:
ਕਹਾਣੀ ਸੰਗਤ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਪ੍ਰੋਗਰਾਮ ਵਿੱਚ ਜੰਗ ਬਹਾਦਰ ਗੋਇਲ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਪ੍ਰਧਾਨਗੀ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਡਾ. ਲਖਵਿੰਦਰ ਕੌਰ ਵਿਰਕ ਨੇ ਆਪਣੀ ਨਵੀਂ ਕਹਾਣੀ ‘ਸਕੂਨ’ ਪੜ੍ਹੀ, ਜਿਸ ਉਪਰ ਖੁੱਲ੍ਹ ਕੇ ਚਰਚਾ ਹੋਈ। ਕਹਾਣੀ ਸੰਗਤ ਦੀ ਚੇਅਰਪਰਸਨ ਦੀਪਤੀ ਬਬੂਟਾ ਨੇ ਕਹਾਣੀ ਬਾਰੇ ਗੱਲ ਕਰਦਿਆਂ ਲੇਖਿਕਾ ਨੂੰ ਵਧਾਈ ਦਿੱਤੀ। ਉਹਨਾਂ ਲੇਖਿਕਾ ਨੂੰ ਸੁਝਾਅ ਵੀ ਦਿੱਤਾ ਕਿ ਨਾਇਕ ਦੀ ਪਾਤਰ ਉਸਾਰੀ ਥੋੜ੍ਹਾ ਹੋਰ ਵਿਸਥਾਰ ਦੀ ਮੰਗ ਕਰਦੀ ਹੈ। ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਕਹਾਣੀ ਵਿੱਚ ਮਾਂ ਦਾ ਪਾਤਰ ਪ੍ਰਕਿਰਤੀ ਦੇ ਰੂਪ ਵਰਗਾ ਦਿਖਾਇਆ ਗਿਆ ਹੈ, ਜੋ ਵਧੀਆ ਗੱਲ ਹੈ। ਲੇਖਿਕਾ ਨੂੰ ਕਹਾਣੀ ਦੇ ਨਾਮ ਬਾਰੇ ਵਿਚਾਰ ਕਰਨ ਦੀ ਲੋੜ ਹੈ। ਡਾ ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਕਹਾਣੀ ਦੀ ਬਣਤਰ ਅਤੇ ਬੁਣਤਰ ਵੱਲ ਥੋੜ੍ਹਾ ਹੋਰ ਧਿਆਨ ਦੇਣ ਨਾਲ ਕਹਾਣੀ ਹੋਰ ਵੀ ਵਧੀਆ ਬਣ ਸਕਦੀ ਹੈ।

ਪ੍ਰਿੰ. ਸਤਨਾਮ ਸਿੰਘ ਸੋ਼ਕਰ ਨੇ ਕਿਹਾ ਸਾਰੇ ਪਾਤਰ ਬਰਾਬਰ ਖੜ੍ਹੇ ਹਨ, ਕੋਈ ਇੱਕ ਪਾਤਰ ਨੂੰ ਕਹਾਣੀ ਦਾ ਪ੍ਰਮੁੱਖ ਧੁਰਾ ਬਣਾਉਣ ਵੱਲ ਧਿਆਨ ਦੇਣ ਦੀ ਲੋੜ ਹੈ। ਸਰੂਪ ਸਿਆਲਵੀ ਨੇ ਮਾਂ ਪਾਤਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਰਿਸ਼ਤਿਆਂ ਨੂੰ ਅਖੀਰ ਤੱਕ ਜੋੜ ਕੇ ਰੱਖਦੀ ਹੈ। ਸੰਤਵੀਰ ਨੇ ਕਿਹਾ ਸਮੇਂ ਦੇ ਬਦਲਣ ਨਾਲ ਰਿਸ਼ਤਿਆਂ ਵਿੱਚ ਵੀ ਬਹੁਤ ਬਦਲਾਅ ਆਇਆ ਹੈ। ਯਤਿੰਦਰ ਮਾਹਲ ਨੇ ਕਿਹਾ ਕਹਾਣੀ ਬਹੁਤ ਵਧੀਆ ਹੈ, ਕੁਝ ਪਾਤਰ ਹੋਰ ਵਿਸਥਾਰ ਦੀ ਮੰਗ ਕਰਦੇ ਹਨ। ਹਰਪ੍ਰੀਤ ਸਿੰਘ ਚੰਨੂੰ ਨੇ ਮਰਦ ਪਾਤਰ ਦੇ ਅੱਖੜ ਸੁਭਾਅ ਬਾਰੇ ਗੱਲ ਕੀਤੀ। ਜੰਗ ਬਹਾਦਰ ਗੋਇਲ ਨੇ ਕਈ ਅੰਗਰੇਜ਼ੀ ਲੇਖਕਾਂ ਦੀਆਂ ਰਚਨਾਵਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਰਚਨਾ ਵਿੱਚ ਸ਼ਬਦਾਂ ਦੀ ਮਹੱਤਤਾ ਬਾਰੇ ਗੱਲ ਕੀਤੀ ਤੇ ਲਖਵਿੰਦਰ ਵਿਰਕ ਨੂੰ ਸ਼ਾਬਾਸ਼ ਦਿੱਤੀ। ਸੁਭਾਸ਼ ਭਾਸਕਰ ਨੇ ਕਹਾਣੀ ‘ਤੇ ਗੱਲ ਕਰਨ ਦੇ ਨਾਲ ਨਾਲ ਅਕਾਦਮੀ ਦੀਆਂ ਗਤੀਵਿਧੀਆਂ ਦੀ ਵੀ ਗੱਲ ਕੀਤੀ। ਨੌਜਵਾਨ ਸਕਾਲਰ ਦੀਪਕ ਨੇ ਪਾਤਰਾਂ ਦੇ ਨਿਭਾਅ ਅਤੇ ਸਿਰਲੇਖ ਬਾਰੇ ਵਿਚਾਰ ਪੇਸ਼ ਕੀਤੇ। ਇਸ ਵਿਚਾਰ ਚਰਚਾ ਵਿੱਚ ਪ੍ਰਤਾਪ ਪਾਰਸ, ਰਾਜੂ ਵੈਦ, ਅਵਤਾਰ ਨਾਗਲੀਆ, ਸੱਚਪ੍ਰੀਤ ਖੀਵਾ ਤੇ ਜੇ. ਐਸ. ਮਹਿਰਾ ਨੇ ਵੀ ਆਪਣੇ ਵਿਚਾਰ ਰੱਖੇ। ਅਖੀਰ ਵਿਚ ਪ੍ਰੋਗਰਾਮ ਚਲਾ ਰਹੇ ਕਹਾਣੀ ਸੰਗਤ ਦੇ ਕਨਵੀਨਰ ਪਰਮਜੀਤ ਮਾਨ ਨੇ ਚੰਡੀਗੜ੍ਹ ਸਾਹਿਤ ਅਕਾਦਮੀ ਦਾ ਧੰਨਵਾਦ ਕਰਨ ਦੇ ਨਾਲ ਹੀ ਸਾਰੇ ਹਾਜ਼ਰ ਮੈਂਬਰਾਂ ਦਾ ਵੀ ਧੰਨਵਾਦ ਕੀਤਾ।
