ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਜਿੱਤਿਆ 7ਵਾਂ ਰਾਮਾ ਅਤਰੇ ਮੈਮੋਰੀਅਲ ਮਹਿਲਾ ਕ੍ਰਿਕਟ ਟੂਰਨਾਮੈਂਟ ਦਾ ਖਿਤਾਬ

ਪੰਜਾਬ ਨੇ ਫਾਈਨਲ ਵਿੱਚ ਯੂ.ਟੀ. ਕ੍ਰਿਕਟ ਐਸੋਸੀਏਸ਼ਨ, ਚੰਡੀਗੜ੍ਹ ਨੂੰ 36 ਦੌੜਾਂ ਨਾਲ ਹਰਾਇਆ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 4 ਅਕਤੂਬਰ: ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਸੀਨੀਅਰ ਮਹਿਲਾ ਟੀਮ ਨੇ ਮਹਾਜਨ ਕ੍ਰਿਕਟ ਗਰਾਊਂਡ, ਚੰਡੀਗੜ੍ਹ ਵਿਖੇ ਖੇਡੇ ਗਏ 7ਵੇਂ ਰਾਮਾ ਅਤਰੇ ਮੈਮੋਰੀਅਲ ਮਹਿਲਾ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਯੂ.ਟੀ. ਕ੍ਰਿਕਟ ਐਸੋਸੀਏਸ਼ਨ, ਚੰਡੀਗੜ੍ਹ ਨੂੰ 36 ਦੌੜਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ। ਫਾਈਨਲ ਮੌਕੇ ਗੁਰਪ੍ਰੀਤ ਦਿਓ (IPS), ਸਪੈਸ਼ਲ DGP, ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਜੇਤੂ ਟੀਮ ਨੂੰ ਟਰਾਫੀ ਅਤੇ ਇਨਾਮ ਪ੍ਰਦਾਨ ਕੀਤੇ ਗਏ। ਇਸ ਮੌਕੇ ਚੰਦਰ ਸ਼ੇਖਰ (IPS), ਸਾਬਕਾ DGP ਪੰਜਾਬ ਅਤੇ ਚੇਅਰਮੈਨ, ਆਰਗੇਨਾਈਜ਼ਿੰਗ ਕਮੇਟੀ, ਕੈਪਟਨ ਸੁਸ਼ੀਲ ਕਪੂਰ, ਆਰਗੇਨਾਈਜ਼ਿੰਗ ਸਕੱਤਰ, ਸ਼੍ਰੀ ਵਿਵੇਕ ਅਤਰੇ, ਸਾਬਕਾ IAS ਅਤੇ ਕਨਵੀਨਰ ਸਮੇਤ ਟੂਰਨਾਮੈਂਟ ਕਮੇਟੀ ਦੇ ਮੈਂਬਰ ਗੌਤਮ ਸ਼ਰਮਾ, ਹਰਮਿੰਦਰ ਬਾਵਾ, ਅਮਰਜੀਤ ਕੁਮਾਰ, ਅਰੁਣ ਕੁਮਾਰ ਬੋਡਾ, ਸੁਭਾਸ਼ ਮਹਾਜਨ ਅਤੇ ਦਲਜੀਤ ਸਿੰਘ ਵੀ ਮੌਜੂਦ ਰਹੇ। ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 131 ਦੌੜਾਂ ਬਣਾਈਆਂ। ਪੰਜਾਬ ਵੱਲੋਂ ਪ੍ਰਗਤੀ ਸਿੰਘ ਨੇ 55 ਦੌੜਾਂ, ਰਿਧਿਮਾ ਅਗਰਵਾਲ ਨੇ 29 ਅਤੇ ਪ੍ਰਿਯੰਕਾ ਮੁਤਰੇਜਾ ਨੇ 19 ਦੌੜਾਂ ਬਣਾਈਆਂ। ਯੂ.ਟੀ. ਕ੍ਰਿਕਟ ਐਸੋਸੀਏਸ਼ਨ ਵੱਲੋਂ ਗੇਂਦਬਾਜ਼ੀ ਕਰਦਿਆਂ ਸਿੱਬੀ ਨੇ 3 ਵਿਕਟਾਂ, ਆਰਾਧਨਾ ਬਿਸ਼ਟ ਨੇ 2 ਵਿਕਟਾਂ, ਜਦਕਿ ਜੋਤੀ ਕੁਮਾਰੀ, ਪੂਰਵੀ ਸਿੰਘ ਅਤੇ ਰਜਨੀ ਦੇਵੀ ਨੇ 1-1 ਵਿਕਟ ਹਾਸਲ ਕੀਤੀ। 131 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਯੂ.ਟੀ. ਕ੍ਰਿਕਟ ਐਸੋਸੀਏਸ਼ਨ ਦੀ ਟੀਮ 16 ਓਵਰਾਂ ਵਿੱਚ 96 ਦੌੜਾਂ ’ਤੇ ਆਲ ਆਊਟ ਹੋ ਗਈ, ਜਿਸ ਨਾਲ ਪੰਜਾਬ ਨੇ ਇਹ ਮੁਕਾਬਲਾ 36 ਦੌੜਾਂ ਨਾਲ ਜਿੱਤ ਲਿਆ। ਯੂ.ਟੀ. ਕ੍ਰਿਕਟ ਐਸੋਸੀਏਸ਼ਨ ਵੱਲੋਂ ਸਾਰਾਹ ਮਹਾਜਨ ਨੇ 21 ਦੌੜਾਂ, ਪਲਕ ਰਾਣਾ ਨੇ 19, ਮੋਨਿਕਾ ਪਾਂਡੇ ਨੇ 17 ਅਤੇ ਕਪਤਾਨ ਤਾਨੀਆ ਭਾਟੀਆ ਨੇ 14 ਦੌੜਾਂ ਬਣਾਈਆਂ। ਪੰਜਾਬ ਵੱਲੋਂ ਗੇਂਦਬਾਜ਼ੀ ਵਿੱਚ ਮੰਨਤ ਕਸ਼ਯਪ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਨੀਤੂ ਸਿੰਘ, ਪ੍ਰਿਆ ਕੁਮਾਰੀ, ਅੰਨੂ ਮਲਹਾਨ, ਮਮਤਾ ਰਾਣੀ ਅਤੇ ਪ੍ਰਿਯੰਕਾ ਮੁਤਰੇਜਾ ਨੇ 1-1 ਵਿਕਟ ਲਈ। ਜੇਤੂ ਪੰਜਾਬ ਕ੍ਰਿਕਟ ਐਸੋਸੀਏਸ਼ਨ ਮਹਿਲਾ ਟੀਮ ਨੂੰ 1 ਲੱਖ ਰੁਪਏ ਨਕਦ ਇਨਾਮ ਅਤੇ ਟਰਾਫੀ, ਜਦਕਿ ਰਨਰਜ਼-ਅੱਪ ਯੂ.ਟੀ. ਕ੍ਰਿਕਟ ਐਸੋਸੀਏਸ਼ਨ, ਚੰਡੀਗੜ੍ਹ ਨੂੰ 50 ਹਜ਼ਾਰ ਰੁਪਏ ਨਕਦ ਇਨਾਮ ਅਤੇ ਟਰਾਫੀ ਪ੍ਰਦਾਨ ਕੀਤੀ ਗਈ।

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ Honorary Secretary ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੀ ਪੂਰੀ ਮਹਿਲਾ ਕ੍ਰਿਕਟ ਟੀਮ ਨੂੰ 7ਵਾਂ ਰਾਮਾ ਅਤਰੇ ਮੈਮੋਰੀਅਲ ਮਹਿਲਾ ਕ੍ਰਿਕਟ ਟੂਰਨਾਮੈਂਟ ਜਿੱਤਣ ’ਤੇ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ, ਮਿਹਨਤ ਅਤੇ ਟੀਮ ਸਪਿਰਿਟ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਖਿਡਾਰਨਾਂ ਦੇ ਨਾਲ-ਨਾਲ ਕੋਚਿੰਗ ਅਤੇ ਸਪੋਰਟ ਸਟਾਫ ਨੂੰ ਵੀ ਇਸ ਸ਼ਾਨਦਾਰ ਜਿੱਤ ਲਈ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਮਹਿਲਾ ਕ੍ਰਿਕਟ ਨੂੰ ਮਜ਼ਬੂਤ ਕਰਨ ਲਈ PCA ਦੀ ਮੈਨੇਜਮੈਂਟ ਵੱਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ, ਖਿਡਾਰਨਾਂ ਦੀ ਮਿਹਨਤ ਅਤੇ ਕੋਚਿੰਗ ਸਟਾਫ ਦੀ ਸਮਰਪਣ ਭਾਵਨਾ ਦਾ ਨਤੀਜਾ ਹੈ ਕਿ ਪੰਜਾਬ ਦੀ ਮਹਿਲਾ ਟੀਮ ਨੇ ਅੱਜ ਰਾਮਾ ਅਤਰੇ ਕੱਪ ਆਪਣੇ ਨਾਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਪੰਜਾਬ ਵਿੱਚ ਮਹਿਲਾ ਕ੍ਰਿਕਟ ਨੂੰ ਹੋਰ ਉਤਸ਼ਾਹਿਤ ਕਰਨ ਲਈ ਪ੍ਰੇਰਣਾ ਦੇਵੇਗੀ ਅਤੇ PCA ਭਵਿੱਖ ਵਿੱਚ ਵੀ ਮਹਿਲਾ ਕ੍ਰਿਕਟ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਜਾਰੀ ਰੱਖੇਗਾ। ਇਸ ਮੌਕੇ Honorary Secretary PCA ਵੱਲੋਂ ਟੀਮ ਨੂੰ ਵਧਾਈ ਦਿੱਤੀ ਗਈ।
ਟੂਰਨਾਮੈਂਟ ਦੇ ਵਿਸ਼ੇਸ਼ ਇਨਾਮ: ਬੈਸਟ ਬੈਟਰ: ਹਰ ਸਿਮਰਨਜੀਤ ਕੌਰ, ਪੰਜਾਬ ਕ੍ਰਿਕਟ ਐਸੋਸੀਏਸ਼ਨ — 177 ਦੌੜਾਂ, ਬੈਸਟ ਬੌਲਰ: ਮੰਨਤ ਕਸ਼ਯਪ, ਪੰਜਾਬ ਕ੍ਰਿਕਟ ਐਸੋਸੀਏਸ਼ਨ – 10 ਵਿਕਟਾਂ, ਬੈਸਟ ਆਲਰਾਊਂਡਰ: ਸ਼ਿਖਾ ਪਾਂਡੇ, ਗੋਆ ਕ੍ਰਿਕਟ ਐਸੋਸੀਏਸ਼ਨ।