ਬਹੁਤ ਸਿਰੜੀ ਤੇ ਮਿਹਨਤਕਸ਼ ਇਨਸਾਨ ਸਨ, ਬਾਪੂ ਸੁੱਚਾ ਸਿੰਘ ਭਗਵੰਤਪੁਰੀ ਜੀ
(ਅਦਾਰਾ ਸਹਿਜਧਾਰਾ ਦ੍ਰਿੜ੍ਹ ਸੰਕਲਪ ਤੇ ਜ਼ਿੰਦਾਦਿਲ ਬਾਪੂ ਸੁੱਚਾ ਸਿੰਘ ਭਗਵੰਤਪੁਰੀ ਜੀ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਮਿਤੀ 18 ਸਤੰਬਰ, 2026 ਮੌਕੇ ਸ਼ਰਧਾਂਜਲੀ ਭੇਂਟ ਕਰਦਾ ਹੈ – ਸੁਰਜੀਤ ਸੁਮਨ, ਸੰਪਾਦਕ।)
ਸਿਰ ‘ਤੇ ਮਾਂ-ਪਿਓ ਦਾ ਹੱਥ ਹੋਵੇ, ਤਾਂ ਧੀਅ-ਪੁੱਤ ਉੱਡਦਾ ਮਹਿਸੂਸਦਾ ਹੈ। ਉਸ ਨੂੰ ਕੋਈ ਦੁੱਖ ਨਹੀਂ ਹੁੰਦਾ, ਕੋਈ ਭੈਅ ਨਹੀਂ ਰਹਿੰਦਾ। ਮਾਂ-ਪਿਓ ਦੇ ਹੁੰਦਿਆਂ ਖਾਣ-ਪੀਣ, ਪਹਿਨਣ-ਪਚਰਨ, ਜੀਣ-ਥੀਣ ਸਭੇ ਆਪਣੀ ਪਹੁੰਚ ਵਿੱਚ ਲਗਦੇ ਹਨ। ਇਹ ਆਮ ਕਹਾਵਤ ਹੈ, ‘ਮਾਂ-ਪਿਓ ਦੇ ਜਿਊਂਦੇ-ਜੀਅ ਰੱਬ ਯਾਦ ਨਹੀਂ ਰਹਿੰਦਾ।’ ਦੂਜੇ ਪਾਸਿਉਂ ਸੋਚਿਆ ਜਾਵੇ, ਤਾਂ ਅਸਲ ਵਿੱਚ ਮਾਂ-ਪਿਓ ਹੀ ਬੱਚਿਆਂ ਲਈ ਰੱਬ ਹੁੰਦੇ ਹਨ। ਬੱਚੇ ਦੇ ਜਨਮ ਤੋਂ ਲੈ ਕੇ ਉਸ ਦੇ ਪਾਲਣ-ਪੋਸ਼ਣ, ਪੜ੍ਹਾਈ, ਰਹਿਣ-ਸਹਿਣ, ਵੱਡੇ ਰੁਤਬਿਆਂ ਤੱਕ ਪਹੁੰਚਾਉਣ ਪਿੱਛੇ ਮਾਂ-ਪਿਓ ਦੀ ਤਕੜੀ ਘਾਲਣਾ ਨੂੰ ਕਿਵੇਂ ਵੀ ਵਿਸਾਰਿਆ ਨਹੀਂ ਜਾ ਸਕਦਾ। ਗਹੁ ਨਾਲ਼ ਵਾਚਿਆ ਜਾਵੇ ਤਾਂ ਅੱਜ ਦੇ ਸਮਿਆਂ ਤੇ ਪੁਰਾਣੇ ਸਮਿਆਂ ਵਿੱਚ ਜ਼ਿਮੀਂ-ਆਸਮਾਨ ਦਾ ਫਰਕ ਹੈ। ਅੱਜ ਦਾ ਯੁੱਗ ਸਾਧਨ-ਸੰਪੰਨ ਯੁੱਗ ਹੈ। ਪੁਰਾਣੇ ਸਮਿਆਂ ਵਿੱਚ ਸਾਧਨਹੀਣ ਹੁੰਦਿਆਂ ਵੀ ਸਾਡੇ ਮਾਪਿਆਂ ਨੇ ਉਹ ਮੰਜ਼ਿਲਾਂ ਸਰ ਕੀਤੀਆਂ, ਜਿਨ੍ਹਾਂ ਨੂੰ ਕਿਆਸਣਾ ਆਸਾਨ ਕਾਰਜ ਨਹੀਂ। ਕੁਰਾਲ਼ੀ ਦੇ ਮਾਡਲ ਟਾਊਣ ਵਿਖੇ ਬਾਪੂ ਜੀ ਸਰਬਜੀਤ ਦਾ ਘਰ ਬਣਾ ਰਹੇ ਸਨ। ਕਦੇ-ਕਦਾਈਂ ਮੈਂ ਤੇ ਤਹਿਸੀਲਦਾਰ ਸਰਬਜੀਤ ਥਿੰਦ ਉਸ ਨੂੰ ਮਿਲਣ ਜਾਂਦੇ। ਅਕਸਰ ਬਾਪੂ ਜੀ ਨਾਲ਼ ਪੁਰਾਣੀ ਗੱਲਾਂ ਛੇੜ ਲੈਂਦੇ ਤੇ ਉਨ੍ਹਾਂ ਦੀਆਂ ਕਹਾਣੀਆਂ ਦਾ ਲੁਤਫ ਲੈਂਦੇ, ਜੋ ਅੱਜ ਚੇਤੇ ਵਿੱਚ ਘੁੰਮ ਰਹੀਆਂ ਹਨ।
ਸਰਬਜੀਤ ਭਗਵੰਤਪੁਰੀ ਨਾਲ਼ ਮੇਰਾ ਵਾਹ-ਵਾਸਤਾ ਬਹੁਤ ਪੁਰਾਣਾ ਹੈ। ਸਕੱਤਰੇਤ ਵਿਖੇ ਨਾਲ਼-ਲਾਲ਼ ਵਿਚਰਦਿਆਂ ਸਰਬਜੀਤ ਜਦੋਂ ਕਦੇ ਆਪਣੇ ਪਿਤਾ ਸ੍ਰ. ਸੁੱਚਾ ਸਿੰਘ ਬਾਰੇ ਗੱਲ ਛੇੜਦਾ, ਤਾਂ ਓਹਦੇ ਚਿਹਰੇ ਦਾ ਰੰਗ ਬਦਲਣ ਲਗਦਾ। ਓਹਦਾ ਆਪਾ ਮਾਣ ਨਾਲ਼ ਭਰ ਜਾਂਦਾ। ਪਿਓ ਦਾ ਨਾਂ ਓਹਦੀ ਜ਼ੁਬਾਨ ‘ਤੇ ਆਉਂਦਿਆਂ ਹੀ ਉਹਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ। ਉਸ ਨੂੰ ਆਪਣੇ ਪਿਤਾ ਸੁੱਚਾ ਸਿੰਘ ਦੀ ਦਲੇਰੀ, ਦ੍ਰਿੜ੍ਹਤਾ ਤੇ ਕਠੋਰ ਤਪੱਸਿਆ ਚੇਤੇ ਆਉਂਦੀ। ਉਹ ਆਪਣੇ ਬਾਪੂ ਜੀ ਦੀ ਗਾਥਾ ਸੁਣਾਉਣ ਲੱਗ ਪੈਂਦਾ। ‘ਬਾਪੂ ਜੀ ਦਾ ਜਨਮ 1936-37 ਦੇ ਕਰੀਬ ਉਦੋਂ ਦੇ ਅੰਬਾਲ਼ਾ ਜ਼ਿਲ੍ਹੇ ਦੇ ਪਿੰਡ ਸੈਣੀ ਮਾਜਰਾ ‘ਚ ਹੋਇਆ ਸੀ। ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ। 1952-53 ਵਿੱਚ ਇਸ ਪਿੰਡ ਦੀ ਜ਼ਮੀਨ ਐਕੁਆਇਰ ਹੋਈ ਤੇ ਇੱਥੇ ਖੂਬਸੂਰਤ ਸ਼ਹਿਰ ਚੰਡੀਗੜ੍ਹ ਦਾ 25 ਸੈਕਟਰ ਬਣ ਗਿਆ। ਸਾਡਾ ਪਰਿਵਾਰ ਉੱਜੜ ਗਿਆ। ਉਦੋਂ ਬਾਪੂ ਜੀ ਦੀ ਉਮਰ ਸੋਲਾਂ-ਸਤਾਰਾਂ ਸਾਲਾਂ ਦੀ ਹੋਵੇਗੀ। ਫਿਰ ਸਾਨੂੰ ਕੁਰਾਲ਼ੀ ਕੋਲ਼ ਪਿੰਡ ਸਿੰਘ ਭਗਵੰਤਪੁਰੇ ਜ਼ਮੀਨ ਐਲੋਕੇਟ ਹੋਣ ਨਾਲ਼ ਪਰਿਵਾਰ ਦਾ ਮੁੜ ਵਸੇਬਾ ਹੋਇਆ। ਬਾਪੂ ਜੀ ਇੱਥੋਂ ਮੈਟਰਿਕ ਕਰਕੇ 1963 ਵਿੱਚ ਫੌਜ ਦੀ ਰੈਜੀਮੈਂਟ ਆਫ਼ ਆਰਟਿਲਰੀ/ ਤੋਪਖਾਨਾ ਰੈਜੀਮੈਂਟ ਵਿੱਚ ਭਰਤੀ ਹੋਏ ਤੇ 16 ਸਾਲ ਦੇ ਕਰੀਬ ਸੇਵਾ ਕੀਤੀ। ਫੌਜੀ ਸੇਵਾ ਦੌਰਾਨ ਉਨ੍ਹਾਂ 1965 ਅਤੇ 1971 ਦੀਆਂ ਜੰਗਾਂ ਵਿੱਚ ਅਹਿਮ ਭੂਮਿਕਾ ਨਿਭਾਈ। 1979 ਵਿੱਚ ਉਹ ਸੇਵਾ ਮੁਕਤ ਹੋ ਕੇ ਪਿੰਡ ਆ ਕੇ ਖੇਤੀ ਕਰਨ ਲੱਗ ਪਏ। ਰੋਪੜ੍ਹ ਨੇੜੇ ਫੈਕਟਰੀ ਵਿੱਚ ਕੰਮ ਕੀਤਾ ਤੇ ਫਿਰ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ, ਚੰਡੀਗੜ੍ਹ ਵਿਖੇ ਗੰਨਮੈਨ ਭਰਤੀ ਹੋ ਗਏ। ਇੱਥੋਂ ਹੀ ਉਹ ਸਾਲ 2003 ਵਿੱਚ ਬਤੌਰ ਕੇਸ਼ੀਅਰ ਸੇਵਾ-ਮੁਕਤ ਹੋਏ। ਮੇਰੇ ਮਾਤਾ ਜੀ ਸਰਦਾਰਨੀ ਗੁਰਦੇਵ ਕੌਰ ਵੀ ਬਹੁਤ ਸਬਰ ਵਾਲ਼ੇ ਹਨ। ਬਾਪੂ ਜੀ ਪੰਚਾਇਤ ਮੈਂਬਰ ਵੀ ਰਹੇ।’

ਸਰਬਜੀਤ ਦੇ ਘਰ ਮੈਂ ਬਾਪੂ ਸੁੱਚਾ ਸਿੰਘ ਨਾਲ਼ ਉਨ੍ਹਾਂ ਦੇ ਜੀਵਨ ਬਾਰੇ ਅਕਸਰ ਵਿਚਾਰ ਸਾਂਝੇ ਕਰਦਾ ਰਹਿੰਦਾ ਸੀ। ਉਹ ਮਿਹਨਤੀ, ਤੇ ਸਬਰ-ਸੰਤੋਖੀ ਰੂਹ ਸਨ। ਉਨ੍ਹਾਂ ਆਪਣੇ ਦੋਵਾਂ ਪੁੱਤਰਾਂ ਤੇ ਧੀ ਦਵਿੰਦਰਜੀਤ ਕੌਰ ਨੂੰ ਪੜ੍ਹਾ-ਲਿਖਾ ਕੇ ਚੰਗਾ ਜੀਵਨ ਜਿਊਣ ਜੋਗੇ ਬਣਾਇਆ। ਵੱਡਾ ਪੁੱਤਰ ਸਰਬਜੀਤ ਜਿੱਥੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਸੁਪਰਡੰਟ ਤੈਨਾਤ ਹੈ, ਉੱਥੇ ਹੀ ਛੋਟਾ ਪੁੱਤਰ ਲਖਬੀਰ ਸਿੰਘ, ਸਿਵਲ ਜੱਜ ਜੂਨੀਅਰ ਡਵੀਜ਼ਨ ਖਰੜ ਨਾਲ਼ ਬਤੌਰ ਰੀਡਰ ਸੇਵਾਵਾਂ ਨਿਭਾ ਰਿਹਾ ਹੈ। ਇਸੇ ਤਰ੍ਹਾਂ ਜੁਆਈ ਮਹਿੰਦਰਜੀਤ ਸਿੰਘ ਵੀ ਮੋਗਾ ਵਿਖੇ ਖੁਰਾਕ ਸਪਲਾਈ ਵਿਭਾਗ ਵਿੱਚ ਤੈਨਾਤ ਹੈ। ਆਪਣੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਵਿੱਚ ਖੇਡਦਿਆਂ ਲੰਮੀ ਤੇ ਨਾਮੁਰਾਦ ਬਿਮਾਰੀ ਦੇ ਚਲਦਿਆਂ ਬਾਪੂ ਸੁੱਚਾ ਸਿੰਘ ਪਿਛਲੀ ਦਿਨੀਂ ਅਕਾਲ-ਚਲਾਣਾ ਕਰ ਗਏ ਸਨ। ਅਦਾਰਾ ਸਹਿਜਧਾਰਾ ਆਪਣੇ ਏਸ ਰੰਗਲੇ ਬਜ਼ੁਰਗ ਨੂੰ ਸ਼ਰਧਾਂਜਲੀ ਪੇਸ਼ ਕਰਦੀ ਹੈ।