ਬਿਜਲੀ ਦੇ ਕੱਟਾਂ ਤੋਂ ਲੋਕ ਪ੍ਰੇਸ਼ਾਨ, ਬਿੱਲਾਂ ਨੇ ਲੱਕ ਤੋੜੇ – ਰਵਿੰਦਰ ਸਿੰਘ ਖੇੜਾ

ਖਰੜ (ਸਹਿਜਧਾਰਾ ਬਿਊਰੋ), 17 ਸਤੰਬਰ:
ਸ੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਵਿਧਾਨ ਸਭਾ ਖਰੜ ਦੇ ਹਲਕਾ ਇੰਨਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਵਿੱਚ ਉਪ ਮੰਡਲ ਮੈਜਿਸਟਰੇਟ ਖਰੜ ਦੇ ਦਫਤਰ ਅੱਗੇ ਬਿੱਜਲੀ ਦੇ ਕੱਟਾਂ ਅਤੇ ਲੋਕਾਂ ਨੂੰ ਭਾਰੀ-ਭਰਕਮ ਆਏ ਬਿੱਲਾਂ ਦੇ ਵਿਰੋਧ ਵਿੱਚ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਧਰਨੇ ਵਿੱਚ ਸ਼ਾਮਿਲ ਪਾਰਟੀ ਵਰਕਰਾਂ ਦੇ ਭਾਰੀ ਇਕੱਠ ਨੂੰ ਇਲਾਕੇ ਦੇ ਸੀਨੀਅਰ ਅਕਾਲੀ ਆਗੂਆਂ ਪਿਆਰਾ ਸਿੰਘ, ਬਲਵਿੰਦਰ ਸਿੰਘ ਪਟਵਾਰੀ, ਅਮਨ ਸ਼ਰਮਾ, ਮਾਨ ਸਿੰਘ ਸੈਣੀ, ਬਲਕਾਰ ਸਿੰਘ ਬੱਬੂ, ਸੁਖਦੇਵ ਸਿੰਘ ਨੱਗਲ, ਡਾ. ਕਰਨੈਲ ਸਿੰਘ ਮਾਵੀ ਆਦਿ ਨੇ ਸੰਬੋਧਨ ਕਰਦਿਆਂ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਬਿਜਲੀ ਦੇ ਲੱਗ ਰਹੇ ਲੰਮੇ ਲੰਮੇ ਕੱਟਾਂ ਕਰਕੇ ਹੋ ਰਹੀ ਪ੍ਰੇਸ਼ਾਨੀ ਅਤੇ ਬਿਜਲੀ ਦੇ ਆਏ ਭਾਰੀ ਬਿੱਲਾਂ ਖਿਲਾਫ ਵਿਰੋਧ ਜਤਾਇਆ।

ਇਸ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਹਲਕਾ ਇੰਨਚਾਰਜ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਸਾਡੀਆਂ ਬੁਨਿਆਦੀ ਲੋੜਾਂ ਵਿੱਚੋਂ ਅੱਜ ਬਿਜਲੀ ਸਭ ਤੋਂ ਅਹਿਮ ਲੋੜ ਹੈ, ਜਿਸ ਤੋਂ ਬਿਨਾਂ ਇੱਕ ਪਲ ਵੀ ਰਿਹਾ ਨਹੀਂ ਜਾ ਸਕਦਾ। ਬਿਜਲੀ ਦੀ ਸਮਾਜ ਦੇ ਹਰ ਖੇਤਰ ਵਿੱਚ ਅਹਿਮ ਲੋੜ ਹੈ, ਪਰੰਤੂ ਸਰਕਾਰ ਵੱਲੋਂ ਬਿਜਲੀ ਦੇ ਕੱਟ ਲਗਾ ਕੇ ਅਤੇ ਬਿਜਲੀ ਨਾ ਹੋਣ ਦੇ ਬਾਵਜੂਦ ਵੀ ਭਾਰੀ ਬਿੱਲ ਭੇਜ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅੱਜ ਬਿਜਲੀ ਬਿਨਾਂ ਕੋਈ ਵੀ ਕਾਰੋਬਾਰ ਕਰਨ ਬਾਰੇ ਸੋਚਿਆ ਤੱਕ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਜੇਕਰ ਸਮੇਂ-ਸਿਰ ਧਿਆਨ ਦਿੱਤਾ ਹੁੰਦਾ ਤਾਂ ਇਹ ਨੌਬਤ ਨਹੀਂ ਸੀ ਆਉਣੀ। ਉਨ੍ਹਾਂ ਕਿਹਾ ਕਿ ਇਸੇ ਬੇਧਿਆਨੀ ਦੇ ਚੱਲਦਿਆਂ ਬਿਜਲੀ ਵਿਭਾਗ ਦੇ ਚੇਅਰਮੈਨ ਤੱਕ ਨੂੰ ਬਦਲਣਾ ਪਿਆ ਹੈ, ਜਿਸ ਤੋਂ ਸਰਕਾਰ ਦੀ ਮਨਸ਼ਾ ਅਤੇ ਬਿਜਲੀ ਖੇਤਰ ਵਿੱਚ ਨਾਕਸ ਪ੍ਰਬੰਧਾਂ ਦਾ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਇਸ ਹਲਕੇ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ। ਉਨ੍ਹਾਂ ਚੇਤੇ ਕਰਵਾਇਆ ਕਿ ਇਸ ਹਲਕੇ ਦੀ ਹੱਦ-ਹਦੂਦ ਚੰਡੀਗੜ੍ਹ ਨੂੰ ਜਾ ਲਗਦੀ ਹੈ ਅਤੇ ਸਮੁੱਚਾ ਨਿਊ ਚੰਡੀਗੜ੍ਹ ਇਸੇ ਵਿਧਾਨ ਸਭਾ ਹਲਕੇ ਦਾ ਅਹਿਮ ਹਿੱਸਾ ਹੈ, ਜਿੱਥੋਂ ਦੇ ਲੋਕਾਂ ਨੂੰ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਵੀ ਨਿੱਤ ਦਿਨ ਜੂਝਣਾ ਪੈ ਰਿਹਾ ਹੈ। ਇਸ ਮੌਕੇ ਰਵਿੰਦਰ ਸਿੰਘ ਖੇੜਾ ਵੱਲੋਂ ਹੋਰ ਅਕਾਲੀ ਆਗੂਆਂ ਸਮੇਤ ਉਪ ਮੰਡਲ ਮੈਜਿਸਟਰੇਟ ਖਰੜ ਦਫਤਰ ਦੇ ਅਧਿਕਾਰੀ ਨੂੰ ਮੰਗ ਪੱਤਰ ਪੇਸ਼ ਕੀਤਾ ਗਿਆ।