ਤਾਜ਼ਾ ਗੀਤ ਸੰਗ੍ਰਹਿ ‘ਤੇਤਰੇ ਮੇਤਰੇ ਬੋਲ’ ਨਾਲ਼ ਮੁੜ ਹਾਜ਼ਰ ਧਿਆਨ ਸਿੰਘ ਕਾਹਲ਼ੋ, 26 ਸਤੰਬਰ ਨੂੰ ਵਿਚਾਰ ਚਰਚਾ

ਖਰੜ (ਸਹਿਜਧਾਰਾ ਬਿਊਰੋ), 24 ਸਤੰਬਰ:
ਨਿਰੰਤਰ ਵਹਿੰਦੇ ਦਰਿਆ ਦਾ ਨਾਂ ਹੈ, ਧਿਆਨ ਸਿੰਘ ਕਾਹਲ਼ੋਂ
ਚੰਡੀਗੜ੍ਹ ਅਤੇ ਲਾਗਲੇ ਸ਼ਹਿਰ ਵਿੱਚ ਹੋ ਰਹੇ ਸਾਹਿਤਕ ਸਮਾਗਮਾਂ ਵਿੱਚ ਉਹ ਤੁਹਾਨੂੰ ਅਕਸਰ ਮਿਲ਼ ਜਾਵੇਗਾ। ਗਲ਼ ਵਿੱਚ ਲਟਕਾਏ ਝੋਲ਼ੇ ਵਿੱਚ ਉਸ ਦੀਆਂ ਕੁਝ ਸਵੈ-ਰਚਿਤ ਕਿਤਾਬਾਂ ਹੋਣਗੀਆਂ, ਜੋ ਉਸ ਨੇ ਸਮਾਗਮ ਵਿੱਚ ਪਹੁੰਚੇ ਲੇਖਕਾਂ, ਪਾਠਕਾਂ ਨੂੰ ਭੇਟ ਕਰਨੀਆਂ ਹੁੰਦੀਆਂ ਹਨ। ਉਹ ਬਹੁਤ ਹਲੀਮੀ ਨਾਲ਼ ਕੋਲ਼ ਖੜ੍ਹੀ ਸ਼ਖਸੀਅਤ ਨੂੰ ਆਪਣੀ ਪੁਸਤਕ ਭੇਟ ਕਰੇਗਾ ਤੇ ਅੱਖ ਦੇ ਫੋਰ ਵਿੱਚ ਹੀ ਯਾਦ ਨਿਸ਼ਾਨੀ ਵਜੋਂ ਇੱਕ ਤਸਵੀਰ ਉਸ ਦੇ ਫੋਨ ਵਿੱਚ ਸੇਵ ਹੋ ਜਾਵੇਗੀ। ਕਿਸੇ ਵੀ ਸਮਾਗਮ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਉਹ ਕਿਸੇ ਦੀ ਉਡੀਕ ਨਹੀਂ ਕਰੇਗਾ। ਬੱਸ ਫੜੇਗਾ ਤੇ ਸਮਾਗਮ ਵਿੱਚ ਪਹੁੰਚ ਜਾਵੇਗਾ। ਉਹ ਅੱਕਦਾ ਨਹੀਂ, ਥੱਕਦਾ ਨਹੀਂ ਤੇ ਝੱਕਦਾ ਵੀ ਨਹੀਂ।
ਉਹ ਗੀਤ ਲਿਖਦਾ ਹੈ। ਗੀਤ ਗਾਉਂਦਾ ਹੈ। ਗੀਤ ਲਿਖਦਾ, ਗਾਉਂਦਾ ਉਹ ਖ਼ੁਦ ਹੀ ਗੀਤ ਹੋ ਜਾਂਦਾ ਹੈ। ਮਹਾਂ-ਲੇਖਾਕਾਰ, ਪੰਜਾਬ ਦੀ ਆਡੀਟਰੀ ਕਰਨੋਂ ਵਿਹਲਾ ਹੋ ਕੇ ਅੱਜ ਕੱਲ੍ਹ ਉਹ ਆਪਣੇ ਦਿਲ ਦਾ ਆਡਿਟ ਕਰਦਿਆਂ ਗੀਤ ਹੀ ਹੋ ਨਿਬੜਿਆ ਹੈ। ਜਲ਼ਦੇ-ਬਲ਼ਦੇ ਦਿਨਾਂ ਵਿੱਚ, ਜਦੋਂ ਪੰਜਾਬ ਵਿੱਚ ਲਾਲ ਹਨ੍ਹੇਰੀ ਝੁੱਲ ਰਹੀ ਸੀ, ਉਦੋਂ ਕੁ ਹੀ ਹਕੂਮਤਾਂ ਵੱਲੋਂ ਸਭਿਆਚਾਰਕ ਮੇਲਿਆਂ ਦੀ ਹਨ੍ਹੇਰੀ ਵੀ ਝੁਲਾ ਦਿੱਤੀ ਗਈ ਸੀ। ਉਨ੍ਹਾਂ ਦਿਨਾਂ ਵਿੱਚ ਉਸ ਨੇ ਬਾਕਾਇਦਾ ਸੈੱਟ ਬਣਾ ਕੇ ਸਟੇਜ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸ ਤਰ੍ਹਾਂ ਗੀਤ ਨਾਲ਼ ਓਹਦਾ ਬਹੁਤ ਪੁਰਾਣਾ ਤੇ ਹੰਢਣਸਾਰਤਾ ਵਾਲ਼ਾ ਰਿਸ਼ਤਾ ਹੈ। ਉਹ ਸਬਰ-ਸੰਤੋਖ ਵਾਲ਼ਾ ਗੀਤਕਾਰ ਹਨ। ਓਹਦੇ ਇੱਕ ਗੀਤ ਦਾ ਮੁੱਖੜਾ ਦੇਖੋ, ‘ਦਾਤੇ ਦੇ ਭਰੇ ਭੰਡਾਰੇ/ ਮੰਗਤੇ ਹਾਂ ਆਪਾਂ ਸਾਰੇ/ ਮਿੱਠੇ ਕਰ ਦੇਵੇ ਮਾਲਿਕ/ ਖੂਹਾਂ ਦੇ ਪਾਣੀ ਖਾਰੇ/ ਹੱਕ-ਸੱਚ ਦਾ ਚਾਰੇ ਪਾਸੇ ਹੋਕਾ ਤੂੰ ਲਾਈ ਜਾ/ ਰੁੱਖੀ-ਮਿੱਸੀ ਜੋ ਵੀ ਮਿਲ਼ਦੀ/ ਸਬਰ ਸਿਦਕ ਨਾਲ਼ ਖਾਈ ਜਾ।’ ਓਹਦੇ ਗੀਤ ਦੀ ਇੱਕ ਹੋਰ ਵੰਨਗੀ ਦੇਖੋ, ‘ਕਦੇ ਚੁੱਕਾਂ ਕਦੇ ਧਰਾਂ/ ਲਾਵਾਂ ਸੀਪ ਦੀਆਂ ਸਰਾਂ/ ਓਹੜ-ਪੋਹੜ ਕਰੀ ਜਾਵਾਂ ਜ਼ਿੰਦਗੀ ਜਿਊਣ ਲਈ/ ਗੱਲਾਂ ਸਭ ਦੀਆਂ ਜਰੀ ਜਾਵਾਂ/ ਜ਼ਿੰਦਗੀ ਜਿਊਣ ਲਈ।’

‘ਬੋਲ’ ਸ਼ਬਦ ਓਹਦੀ ਸਿਮਰਤੀ ਵਿੱਚ ਕਿਧਰੇ ਡੂੰਘਾ ਰਚਿਆ ਹੋਇਆ ਹੈ। ਬੋਲ ਪੁਗਾਉਣੇ, ਬੋਲ ਮਾਰਨਾ ਤੇ ਇਨ੍ਹਾਂ ਨਾਲ਼ ਰਲ਼ਦੇ-ਮਿਲ਼ਦੇ ਮੁਹਾਵਰਿਆਂ ਨੂੰ ‘ਬੋਲ’ ਦਿੰਦਿਆਂ ਉਹਦੇ ਵੱਲੋਂ ਰਚੇ ਜਾ ਰਹੇ ਗੀਤ ਸੰਗ੍ਰਹਿਾਂ ਦੇ ਟਾਈਟਲ ਵੀ ‘ਬੋਲ’ ਸ਼ਬਦ ਦੇ ਇਰਦ-ਗਿਰਦ ਹੀ ਘੁੰਮਦੇ ਹਨ। ਆਪਣੇ ਪਲੇਠੇ ਮੌਲਿਕ ਗੀਤ ਸੰਗ੍ਰਹਿ ਬੋਲ ਰਸੀਲੇ ਤੋਂ ਬਾਅਦ ਟੁੰਬਵੇਂ ਬੋਲ ਸਰੋਤਿਆਂ ਸਨਮੁੱਖ ਕਰਦਾ ਹੈ। ਹੁਣ ਉਹ ‘ਬੋਲ’ ਸ਼ਬਦ ਦੀ ਪਰਿਕਰਮਾ ਕਰਦਿਆਂ ‘ਤੇਤਰੇ ਮੇਤਰੇ ਬੋਲ’ ਗੀਤ ਸੰਗ੍ਰਹਿ ਰਾਹੀਂ ਮੁੜ ਹਾਜ਼ਰ ਹੋਇਆ ਹੈ। ਓਹਦੇ ਗੀਤਾਂ ਦੇ ‘ਬੋਲ ਰਸੀਲੇ’ ਵੀ ਹਨ, ‘ਟੁੰਬਵੇਂ’ ਵੀ ਤੇ ‘ਤੇਤਰੇ ਮੇਤਰੇ’ ਭਾਵ ਚਿਤਕਬਰੇ ਵੀ। ਓਹਦੇ ਗੀਤਾਂ ਦੇ ਬੋਲਾਂ ਦੇ ਅਨੇਕ ਰੰਗ ਹਨ।

ਧਿਆਨ ਸਿੰਘ ਕਾਹਲ਼ੋਂ ਦੇ ਤਾਜ਼ਾ ਗੀਤ ਸੰਗ੍ਰਹਿ ‘ਤੇਤਰੇ ਮੇਤਰੇ ਬੋਲ’ ’ਤੇ ਵਿਚਾਰ ਚਰਚਾ 26 ਸਤੰਬਰ 2026 (ਸ਼ਨੀਵਾਰ) ਨੂੰ ਸਵੇਰੇ 10.30 ਵਜੇ ਸ਼ਾਸਤਰੀ ਮਾਡਲ ਸਕੂਲ, ਫੇਜ਼-1, ਮੋਹਾਲ਼ੀ ਵਿਖੇ ਕਵੀ ਮੰਚ (ਰਜਿ.), ਮੋਹਾਲੀ ਵੱਲੋਂ ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.) ਚੰਡੀਗੜ੍ਹ ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਹੈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੇਂਦਰੀ ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਡਾ. ਲਾਭ ਸਿੰਘ ਖੀਵਾ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਡਾਇਰੈਕਟਰ, ਸ਼ਾਸਤਰੀ ਮਾਡਲ ਸਕੂਲ, ਮੋਹਾਲ਼ੀ ਰਜਨੀਸ਼ ਕੁਮਾਰ ਤੇ ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.) ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਸ਼ਾਮਲ ਹੋ ਰਹੇ ਹਨ। ਸੀਨੀਅਰ ਮੀਤ ਪ੍ਰਧਾਨ ਰਣਜੋਧ ਸਿੰਘ ਰਾਣਾ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਕਰਨਗੇ ਅਤੇ ਕਿਤਾਬ ਬਾਰੇ ਪਰਚਾ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਪੜ੍ਹਿਆ ਜਾਵੇਗਾ। ਇਸ ਵਿਚਾਰ ਚਰਚਾ ਵਿੱਚ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਸੋਢੀ, ਗੁਰਪ੍ਰੀਤ ਸਿੰਘ ਨਿਆਮੀਆਂ ਅਤੇ ਸੁਰਜੀਤ ਸੁਮਨ ਭਾਗ ਲੈ ਰਹੇ ਹਨ। ਬੋਲ ਰਸੀਲੇ, ਟੁੰਬਵੇਂ ਬੋਲ ਤੋਂ ਬਾਅਦ ਤੇਤਰੇ ਮੇਤਰੇ ਬੋਲ ਸੁਣਾਉਣ ਵਾਲ਼ੇ ਉੱਘੇ ਗੀਤਕਾਰ ਧਿਆਨ ਸਿੰਘ ਕਾਹਲ਼ੋ ਨੂੰ ਸੁਣਨ ਲਈ ਸਮਾਗਮ ਵਿੱਚ ਜ਼ਰੂਰ ਸ਼ਾਮਲ ਹੋਣਾ।
ਸੁਰਜੀਤ ਸੁਮਨ, ਸੰਪਾਦਕ, ਸਹਿਜਧਾਰਾ ਡਾਟ ਇਨ – 98144 30874
