ਜ਼ਿੰਦਗੀ, ਇੱਕ ਸੋਹਣੀ ਜਿਹੀ ਕਿਤਾਬ ਏ/ ਤੇਜਿੰਦਰ ਸਿੰਘ ਤੇਜੀ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 8 ਅਗਸਤ:
ਕੋਰੇ ਪੰਨੇ ‘ਤੇ ਲਿਖਿਆ
ਸੋਹਣਾ ਕਰਕੇ ਸ਼ਬਦਾਂ ਨੂੰ।
ਰੱਬੀ ਕਲਮ ਇਲਾਹੀ ਦਾ
ਸਮਝੋਂ ਪਰੇ ਹਿਸਾਬ ਏ।
ਜ਼ਿੰਦਗੀ, ਇੱਕ ਸੋਹਣੀ ਜਿਹੀ ਕਿਤਾਬ ਏ।
ਸੋਚ ਸਾਡੀ ਨਾਲ ਖਹਿੰਦੀ ਏ
ਤੇ ਆਪਣੀ ਗੱਲ ਵੀ ਕਹਿੰਦੀ ਏ।
ਛੇਤੀ ਜਾਂ ਫਿਰ ਹੌਲ਼ੀ ਹੌਲ਼ੀ
ਬਿਹਤਰ ਬੜਾ ਜਵਾਬ ਏ।
ਜ਼ਿੰਦਗੀ, ਇੱਕ ਸੋਹਣੀ ਜਿਹੀ ਕਿਤਾਬ ਏ।
ਉੱਚੇ-ਨੀਵੇਂ ਹਰ ਪਾਸੇ ਦਾ
ਫਰਕ ਤੇ ਮਾਇਨਾ ਦੱਸਦੀ ਏ।
ਖੌਰੇ ਇਹ ਕੇਹਾ ਚੱਕਰ ਚੱਲਦਾ
ਤੁਰਦਾ ਜਿਵੇਂ ਨਵਾਬ ਏ।
ਜ਼ਿੰਦਗੀ, ਇੱਕ ਸੋਹਣੀ ਜਿਹੀ ਕਿਤਾਬ ਏ।
ਅੱਖਰ ਟੋਚਣ ਸ਼ਬਦਾਂ ਨੂੰ
ਤੋਰਨ ਹਰ ਇੱਕ ਵਾਕ ਦੇ ਤਾਈਂ।
ਮਾਰਵਾੜੀ ਜਿਹੇ ਘੋੜੇ ‘ਤੇ ਜਿਉਂ
ਲੋਹ ਦੀ ਅੱਤ ਰਕਾਬ ਏ।
ਜ਼ਿੰਦਗੀ, ਇੱਕ ਸੋਹਣੀ ਜਿਹੀ ਕਿਤਾਬ ਏ।
ਦੁੱਖ-ਸੁੱਖ ਇਹਦੇ ਹਾਮੀ ਦੋੇਵੇਂ
ਵਿਚਲੇ ਹਰ ਇਕ ਪੰਨੇ ਦੇ।
ਮਧੁਰ ਜਿਹੀਆਂ ਉਹ ਧੁਨਾਂ ਛੇੜਦੇ
ਵੱਜਦੀ ਕਿਤੇ ਰਬਾਬ ਏ।
ਜ਼ਿੰਦਗੀ, ਇੱਕ ਸੋਹਣੀ ਜਿਹੀ ਕਿਤਾਬ ਏ।
ਹਰਫਾਂ ਵਿੱਚ ਲਿਖਾ ਲਏਂਗਾ
ਨਾਂ ਤੇਜਿੰਦਰ ਤੂੰ ਸੋਚੀਂ।
ਰਾਣੀ ਖੁਦਮੁਖਤਿਆਰਨ ਦੀ ਗੱਲ
ਕਿਹੜੀ ਠੀਕ, ਖਰਾਬ ਏ।
ਜ਼ਿੰਦਗੀ, ਇੱਕ ਸੋਹਣੀ ਜਿਹੀ ਕਿਤਾਬ ਏ।
ਤੇਜਿੰਦਰ ਸਿੰਘ ਤੇਜੀ
ਮਾਡਲ ਟਾਊਨ (ਕੁਰਾਲੀ)
96460 24480