ਜਵਾਹਰ ਨਵੋਦਿਆ ਵਿਦਿਆਲਿਆ ਸੰਮਤੀ ਵਲੋਂ ਦਾਖਲਿਆਂ ਲਈ ਰਜਿਸਟ੍ਰੇਸ਼ਨ ਦੀ ਵਧਾਈ ਤਰੀਖ ਨੂੰ ਨਿਗੁਣਾ ਦੱਸਿਆ
ਚੰਡੀਗੜ੍ਹ (ਸਹਿਜਧਾਰਾ ਬਿਊਰੋ), 8 ਅਗਸਤ:
ਮੈਨੇਜਿੰਗ ਟਰੱਸਟੀ ਹਰਪਾਲ ਸਿੰਘ ਦੀ ਦੇਖ-ਰੇਖ ਵਿੱਚ ਗਰੀਬ ਬੱਚਿਆਂ ਲਈ ਮੁਫ਼ਤ ਸਿੱਖਿਆ ਦੇਣ ਲਈ ਸੈਕਟਰ-28 ਚੰਡੀਗੜ ਵਿਖੇ ਚੱਲ ਰਹੀ ਸੰਸਥਾ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਦੇ ਪ੍ਰੋਜੈਕਟ ਇੰਚਾਰਜ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਹਾਲ ਹੀ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਸੰਮਤੀ ਵਲੋਂ ਆਨ ਲਾਈਨ ਦਾਖਲਿਆ ਲਈ ਰਜਿਸਟ੍ਰੇਸ਼ਨ ਲਈ ਜੋ ਤਰੀਖ ਵਧਾਈ ਗਈ ਹੈ, ਉਸ ਨੂੰ ਨਿਗੁਣਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾ ਇਹ ਤਰੀਖ 31 ਜੁਲਾਈ, 2026 ਸੀ ਜੋ ਬਾਅਦ ਵਿੱਚ 07 ਅਗਸਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਧਿਆਪਕਾਂ, ਬੱਚਿਆਂ ਅਤੇ ਮਾਪਿਆਂ ਦੀ ਮੰਗ ਹੈ ਕਿ ਇਸ ਤਰੀਖ ਵਿੱਚ 31 ਅਗਸਤ, 2026 ਤੱਕ ਵਾਧਾ ਕੀਤਾ ਜਾਵੇ।
ਪ੍ਰਿੰ. ਗੋਸਲ ਨੇ ਕਿਹਾ ਕਿ ਇਸ ਨਿਗੁਣੇ ਵਾਧੇ ਨਾਲ ਬਹੁਤਾ ਫਰਕ ਨਹੀਂ ਪੈਣ ਵਾਲਾ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਛੇਵੀਂ ਜਮਾਤ ਦੇ ਦਾਖਲੇ ਲਈ ਹੋਣ ਵਾਲੀ ਪ੍ਰੀਖਿਆ ਜਨਵਰੀ 2027 ਤੋਂ ਪਹਿਲਾਂ ਨਹੀਂ ਲੈਣੀ ਚਾਹੀਦੀ, ਕਿਉਂਕਿ ਪੰਜਵੀਂ ਦੇ ਬੱਚਿਆਂ ਨੂੰ ਕਾਫੀ ਲੰਬਾ ਸਿਲੈਬਸ ਪੜ੍ਹ ਕੇ ਤਿਆਰੀ ਕਰਨੀ ਪੈਂਦੀ ਹੈ। ਪਹਿਲਾਂ ਵੀ ਇਹ ਤਰੀਖ ਜਨਵਰੀ ਜਾਂ ਫਰਵਰੀ ਵਿੱਚ ਹੋਇਆ ਕਰਦੀ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਨਵੰਬਰ 2026 ਵਿੱਚ ਰੱਖ ਦਿੱਤੀ ਗਈ ਹੈ ਜੋ ਕਿ ਦੇਸ਼ ਦੇ ਦੂਰ ਦੁਰਾਡੇ ਦੇ ਪੇਂਡੂ ਬੱਚਿਆਂ ਨੂੰ ਤਿਆਰੀ ਕਰਨ ਵਿਚ ਬੜੀ ਮੁਸ਼ਕਲ ਆਉਂਦੀ ਹੈ। ਇਸ ਲਈ ਸਾਲਾਨਾ ਇਮਤਿਹਾਨ ਦੀ ਤਰੀਖ ਵਿਚ ਵੀ ਵਾਧਾ ਜ਼ਰੂਰੀ ਹੈ। ਜਵਾਹਰ ਨਵੋਦਿਆ ਸੰਮਤੀ ਭਾਰਤ ਸਰਕਾਰ ਸੱਚ ਵਿਚ ਹੀ ਜੇਕਰ ਗਰੀਬ ਬੱਚਿਆਂ ਦਾ ਭਲਾ ਕਰਨਾ ਚਾਹੁੰਦੀ ਹੈ ਤਾਂ ਰਜਿਸਟ੍ਰੇਸ਼ਨ ਮਿਤੀ ਅਤੇ ਪ੍ਰੀਖਿਆ ਦੋਹਾਂ ਵਿੱਚ ਵਾਧਾ ਕਰਨਾ ਜ਼ਰੂਰੀ ਹੈ ਅਤੇ ਸੰਮਤੀ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।