ਪੰਜਾਬੀ ਗੀਤਕਾਰੀ ਦਾ ਮਾਣ, ਦੁਆਬੇ ਦੇ ਜੰਮਪਲ ਸ਼੍ਰੋਮਣੀ ਗੀਤਕਾਰ ਚਰਨ ਸਿੰਘ ਸਫਰੀ/ ਮਾਹੀ ਮਲਕੀਤ
(ਬਾਲਪਨ ‘ਚੋਂ ਉੱਭਰਦਿਆਂ ਹੀ ਜਿਉਂ ਜਿਉਂ ਸੁਰਤ ਸੰਭਲ਼ਦੀ ਚਲੀ ਗਈ, ਲਾਊਡ-ਸਪੀਕਰਾਂ ਅਤੇ ਰੇਡੀਓ ‘ਤੇ ਵੱਜਦੇ ਗੀਤਾਂ ਦੇ ਅਰਥ ਸਮਝ ਆਉਣ ਲੱਗ ਪਏ। ਜਿਹੜੇ ਸਿਰ ਉੱਤੋਂ ਦੀ ਲੰਘ ਜਾਂਦੇ, ਉਹ ਵਡੇਰਿਆਂ ਤੋਂ ਸਮਝਣ ਦੀ ਕੋਸ਼ਿਸ਼ ਕਰਦਾ। ਸਵੇਰੇ-ਸ਼ਾਮ ਗੁਰੂਦੁਆਰਿਉਂ ਇੱਕ ਸੁਰੀਲੀ ਆਵਾਜ਼ ਕੰਨੀਂ ਪੈਂਦੀ, ‘ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ/ ਬੇਸਮਝ ਜ਼ਮਾਨਾ ਕੀ ਜਾਣੇ/ ਜਿਸ ਸਭ ਜੱਗ ਆਪਣਾ ਸਮਝ ਲਿਆ/ ਆਪਣਾ ਤੇ ਬੇਗਾਨਾ ਕੀ ਜਾਣੇ/ ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ।’ ਇਹ ਬੋਲ ਹੌਲ਼ੀ ਹੌਲ਼ੀ ਰੁਮਕਦੀ ਪੌਣ ਵਿੱਚ ਘੁਲ਼ਣ ਲਗਦੇ। ਪਤਾ ਨਹੀਂ ਕਦੋਂ ਮਨ ਦੇ ਬਗੀਚੇ ਵਿੱਚ ਖਿੜੇ ਫੁੱਲਾਂ ‘ਤੇ ਪਈ ਤਰੇਲ਼ ਤੁਰੰਤ ਪਿਘਲਣ ਲਗਦੀ।
ਫਿਰ ਇੱਕ ਹੋਰ ਆਵਾਜ਼ ਕੰਨੀਂ ਪੈਂਦੀ, ‘ਚੰਨ ਮਾਤਾ ਗੁਜਰੀ ਦਾ/ ਸੁੱਤਾ ਕੰਡਿਆਂ ਦੀ ਸੇਜ਼ ਵਿਛਾਈ/ ਸੀਨੇ ਨਾਲ਼ ਤੇਗ ਲਾ ਲਈ/ ਜਦੋਂ ਯਾਦ ਪੁੱਤਰਾਂ ਦੀ ਆਈ।’ ਇਸ ਗੀਤ ਦਾ ਇੱਕ ਅੰਤਰਾ, ‘ਅੱਡੀਆਂ ਗੁਲਾਬ ਰੰਗੀਆਂ ਖੂਨ ਚੋਅ ਕੇ ਫਟਣ ਨੂੰ ਆਈਆਂ/ ਛੰਬ ਦਿਆਂ ਕੰਡਿਆਂ ਨੇ ਓਹਦੇ ਪੈਰਾਂ ‘ਤੇ ਬੂਟੀਆਂ ਪਾਈਆਂ’ ਤਾਂ ਮੇਰੀ ਜਾਨ ਹੀ ਕੱਢ ਲੈਂਦਾ। ਇਸ ਗੀਤ ਦੇ ਬੋਲ ਮੇਰੇ ਧੁਰ ਅੰਦਰ ਤੱਕ ਰਚ ਗਏ ਕਿਧਰੇ। ਪਿੱਛੇ ਜਿਹੇ ਮੈਂ ਸ੍ਰੀ ਚਮਕੌਰ ਸਾਹਿਬ ਤੋਂ ਨਹਿਰ ਦਾ ਪੁਲ਼ ਟੱਪ ਰਾਏਪੁਰ ਪਿੰਡ ਵਿੱਚੋਂ ਲੰਘਦਿਆਂ ਛੰਬ ਦੇ ਕੰਡਿਆਂ ਨੂੰ ਕਿਆਸਦਾ ਐਨ ਉਸੇ ਛੰਬ ਕੋਲ਼ ਜਾ ਖੜ੍ਹਾ ਹੋਇਆ। ਮੇਰੀਆਂ ਅੱਖਾਂ ਭਰ ਆਈਆਂ। ਫਟਣ ਨੂੰ ਆਈਆਂ ਗੁਲਾਬ ਰੰਗੀਆਂ ਅੱਡੀਆਂ ਵਿੱਚੋਂ ਚੋਂਦੇ ਖੂਨ ਨੂੰ ਚਿਤਵ ਮੇਰੀ ਨਜ਼ਰ ਗੁਰੂਦੁਆਰਾ ਜੰਡ ਸਾਹਿਬ ਵੱਲ ਜਾ ਟਿਕੀ। ਦਸਮ ਪਾਤਸ਼ਾਹ ਦੀਆਂ ਪੈੜਾਂ, ਨਰਿੰਦਰ ਬੀਬਾ ਦੀ ਆਵਾਜ਼ ਤੇ ਚਰਨ ਸਿੰਘ ਸਫਰੀ ਦੇ ਬੋਲਾਂ ਅੱਗੇ ਮੇਰਾ ਸਿਰ ਮੱਲੋਮੱਲੀ ਝੁਕ ਗਿਆ। ਹੁਣ ਸ਼ਬਦ, ਸਾਜ਼ ਤੇ ਆਵਾਜ਼ ਕਾਲਮ ਰਾਹੀਂ ਨਿੱਠ ਕੇ ਲਿਖਣ ਵਾਲ਼ੇ ਵੱਡੇ ਵੀਰ ਮਾਹੀ ਮਲਕੀਤ ਦੁਆਰਾ ਚਰਨ ਸਿੰਘ ਸਫਰੀ ਜੀ ਦੀ ਗੀਤਕਾਰੀ ਤੇ ਜੀਵਨ ਬਾਰੇ ਅਹਿਮ ਰਚਨਾ ਸਹਿਜਧਾਰਾ ਡਾਟ ਇਨ ਦੇ ਪਾਠਕਾਂ ਲਈ ਪੇਸ਼ ਕਰਨ ਦੀ ਖੁਸ਼ੀ ਮਿਲ਼ ਰਹੀ ਹੈ। ਦੁਆਵਾਂ … ਸੁਰਜੀਤ ਸੁਮਨ, ਸੰਪਾਦਕ।)
ਪੰਜਾਬੀ ਗੀਤਕਾਰੀ ਦਾ ਮਾਣ – ਦੁਆਬੇ ਦਾ ਜੰਮਪਲ ਸ਼੍ਰੋਮਣੀ ਗੀਤਕਾਰ ਚਰਨ ਸਿੰਘ ਸਫਰੀ

ਇਸੇ ਤਰ੍ਹਾਂ ਉਨ੍ਹਾਂ ਰਚਿਤ ਸੱਭਿਅਕ ਤੇ ਰੋਮਾਂਟਿਕ ਗੀਤਾਂ ਵਿੱਚੋਂ ਕੁੰਡਲਾਂ ਤੋਂ ਪੁੱਛ ਗੋਰੀਏ/ ਇਹਨਾਂ ਕਿਹੜੇ ਕਿਹੜੇ ਕਹਿਰ ਗੁਜ਼ਾਰੇ, ਢੋਲਣਾ ਮੈਂ ਨਹੀਂ ਬੋਲਣਾ, ਦੁੱਧ ਨੂੰ ਮਧਾਣੀ ਪੁੱਛਦੀ/ ਕਿਹਨੇ ਜਾਗ ਹੰਝੂਆਂ ਦਾ ਲਾਇਆ, ਨਾਗਣੇ ਨੀਂ ਇੱਕ ਡੰਗ ਹੋਰ ਮਾਰ ਜਾ, ਦਿਲ ਮੈਂ ਨਹੀਂ ਚੁਰਾਇਆ ਐਵੇਂ ਮੇਰਾ ਨਾਂ ਲੱਗਦਾ ਆਦਿ ਗੀਤਾਂ ਦੇ ਬੋਲਾਂ ਦੀਆਂ ਪੰਜਾਬੀਅਤ ਦੇ ਰੰਗ ਵਿੱਚ ਰੰਗੀਆਂ ਸ਼ਬਦੀ ਫੁੱਲ-ਪੱਤੀਆਂ ਵਿੱਚ ਸਜੀ ਗੀਤਕਾਰੀ ਦੀ ਸੱਭਿਆਚਾਰਕ ਫੁੱਲਕਾਰੀ ਸਮੁੱਚੀ ਪੰਜਾਬੀਅਤ ਦਾ ਮਨ ਮੋਂਹਦੀ ਹੈ। ਰੌਸ਼ਨ ਦਿਮਾਗ ਤੇ ਵਿਸ਼ਾਲ ਹਿਰਦੇ ਦੇ ਮਾਲਕ ਸਫਰੀ ਹੋਰਾਂ ਨੂੰ 14-15 ਸਾਲ ਦੀ ਉਮਰ ਤੋਂ ਹੀ ਠਾਠਾਂ ਮਾਰਦੇ, ਮਨ ਦੇ ਜਜ਼ਬਿਆਂ ‘ਚੋਂ ਲਿਖਣ ਕਲਾ ਦੀ ਐਸੀ ਚਿਣਗ ਫੁੱਟੀ ਕਿ ਉਨ੍ਹਾਂ ਇੱਕ ਇੱਕ ਕਰਕੇ 14 ਕਿਤਾਬਾਂ ਸਾਹਿਤ ਦੀ ਝੋਲ਼ੀ ਪਾਈਆਂ ਤੇ ਪੰਜ ਸੌ ਦੇ ਕਰੀਬ ਉਨ੍ਹਾਂ ਦੇ ਗੀਤ ਰਿਕਾਰਡ ਹੋਏ। ਸਫਰੀ ਜੀ ਖਾਲਸਾ ਹਾਈ ਸਕੂਲ ਦਸੂਹਾ ਵਿਖੇ ਪੰਜਾਬੀ ਦੇ ਅਧਿਆਪਕ ਸਨ। ਇਸ ਲਈ ਮੈਨੂੰ ਉਹਨਾਂ ਦੇ ਨਜ਼ਦੀਕ ਰਹਿਣ ਦਾ ਮੌਕਾ ਮਿਲ਼ਿਆ। ਇਸੇ ਸਕੂਲ ਮੈਨੂੰ ਉਨ੍ਹਾਂ ਕੋਲ਼ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਉਹਨਾਂ ਦੀ ਗੀਤਕਾਰੀ ਨੂੰ ਬਹੁਤ ਨਜ਼ਦੀਕੀ ਤੋਂ ਜਾਨਣ ਦਾ ਸਬੱਬ ਬਣਿਆ। ਸੰਖੇਪ ਵਿੱਚ ਉਨਾਂ ਦੇ ਮੁੱਢਲੇ ਜੀਵਨ ਬਾਰੇ ਜ਼ਿਕਰ ਕਰਦਿਆਂ, ਜ਼ਿਲਾ ਹੁਸ਼ਿਆਰਪੁਰ ਦੀ ਇਤਿਹਾਸਿਕ ਨਗਰੀ ਦਸੂਹਾ ਦੇ ਨਜ਼ਦੀਕੀ ਗੁਰਦੁਆਰਾ ਗਰਨਾ ਸਾਹਿਬ ਵਾਲੇ ਪਿੰਡ ਬੋਦਲਾਂ ਦੇ ਵਸਨੀਕ ਪਿਤਾ ਲਾਭ ਸਿੰਘ ਤੇ ਮਾਤਾ ਇੰਦੀ ਦੇਵੀ ਦੇ ਘਰ ਉਹਨਾਂ ਦਾ ਜਨਮ ਪੰਜ ਅਪ੍ਰੈਲ 1918 ਨੂੰ ਹੋਇਆ। ਉਹ ਦੋ ਭੈਣਾਂ ਦੇ ਚਾਰ ਭਰਾ ਸਨ। ਉਨ੍ਹਾਂ ਅਨੁਸਾਰ ਚੜ੍ਹਦੀ ਉਮਰੇ ਹੀ ਉਹਨਾਂ ਦੇ ਮਨ ਵਿੱਚ ਲਿਖਣ ਦੀ ਲੋਅ ਐਸੀ ਲਟ ਲਟ ਬਲ ਉੱਠੀ ਕਿ ਲੋਕ ਵਿਰਸੇ ਦੇ ਉੱਘੇ ਸ਼ਾਇਰ ਲਾਲਾ ਧਨੀ ਰਾਮ ਚਾਤਰਿਕ ਦੇ ਸਕੇ ਭਾਣਜੇ ਤੇ ਉੱਚ ਕੋਟੀ ਦੇ ਸ਼ਾਇਰ ਬੀ. ਸੀ. ਬੇਕਲ ਅੰਮ੍ਰਿਤਸਰੀ ਹੋਰਾਂ ਨੂੰ ਉਸਤਾਦ ਧਾਰਕੇਗੀਤਕਾਰੀ ਦੀਆਂ ਮੰਜ਼ਿਲਾਂ ਵੱਲ ਨੂੰ ਤੁਰ ਪਏ। ਉਹਨਾਂ ਦੀ ਲੇਖਣੀ ਦਾ ਮੁੱਖ ਮਕਸਦ ਧਾਰਮਿਕ ਸਿੱਖ ਇਤਿਹਾਸ, ਯੋਧੇ ਸੂਰਬੀਰਾਂ ਦੀਆਂ ਕੁਰਬਾਨੀਆਂ, ਗੁਰੂਆਂ ਦੀ ਜ਼ਿੰਦਗੀ, ਬਿਰਹੋਂ ਤੇ ਉਸਾਰੂ ਸਮਾਜਿਕ ਭਾਵਨਾਵਾਂ ਮੁੱਖ ਤੌਰ ‘ਤੇ ਰਹੀਆਂ।
