ਨੱਚਣਾ ਮੈਂ ਤਾਂ ਵਾਂਗ ‘ਕਲੰਦਰ’/ ਜਸਪਾਲ ਸਿੰਘ ਦੇਸੂਵੀ

(ਸੂਫੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਦਾ ਇੱਕ ਪੈਰ ਕੈਨੇਡਾ ਤੇ ਦੂਜਾ ਖੂਬਸੂਰਤ ਸ਼ਹਿਰ ਚੰਡੀਗੜ੍ਹ ਨੇੜੇ ਦੇਸੂ ਮਾਜਰਾ ਵਿੱਚ ਹੁੰਦਾ ਹੈ। ਉਹ ਕੈਨੇਡਾ ਹੋਵੇ ਜਾਂ ਦੇਸੂ ਮਾਜਰੇ, ਹਰ ਪਲ ਆਪਣੇ ਜਿਗਰੀ ਅਦਬੀ ਸ਼ਾਇਰਾਂ ਸੰਗ ਵਿਚਰਦਾ ਨਜ਼ਰ ਆਉਂਦਾ ਹੈ। ਉਹਦੀ ਸ਼ਾਇਰੀ ਸੂਫੀਆਨਾ ਭਾਅ ਮਾਰਨ ਦੇ ਨਾਲ਼ ਨਾਲ਼ ਕਲੰਦਰੀ ਭਾਅ ਵੀ ਮਾਰਦੀ ਹੈ। ਇਸੇ ਲਈ ਹੀ ਉਨ੍ਹਾਂ ਦੇ ਮਨ ਦੀਆਂ ਕੰਦਰਾਂ ਵਿੱਚ ਨਿਆਸਰੇ ਸ਼ਾਇਰਾਂ ਦਾ ਵਾਸ ਹੈ ਤੇ ਉਹ ਅਕਸਰ ਉਨ੍ਹਾਂ ਨੂੰ ਮਿਲਣ ਰਾਤ-ਬਰਾਤੇ ਵੀ ਤੁਰ ਪੈਂਦਾ ਹੈ। ਸਹਿਜਧਾਰਾ ਡਾਟ ਇਨ ਦੇ ਪਾਠਕਾਂ ਨੂੰ ਜਸਪਾਲ ਸਿੰਘ ਦੇਸੂਵੀ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲ਼ਦੀਆਂ ਰਹਿਣਗੀਆਂ। ਆਓ ! ਉਨ੍ਹਾਂ ਦੀ ਸ਼ਾਇਰੀ ਦਾ ‘ਕਲੰਦਰੀ’ ਰੰਗ ਮਾਣੀਏ – ਸੁਰਜੀਤ ਸੁਮਨ, ਸੰਪਾਦਕ।)

ਨੱਚਣਾ ਮੈਂ ਤਾਂ ਵਾਂਗ ‘ਕਲੰਦਰ’/ ਜਸਪਾਲ ਸਿੰਘ ਦੇਸੂਵੀ
ਸਾਰੀ ਧਰਤੀ ਤੇਰਾ ਮੰਦਰ,
ਜਗਦੇ ਦੀਵੇ, ਸੂਰਜ, ਚੰਦਰ।
ਤੂੰ ਦੱਸ ਤੈਨੂੰ ਕਿੱਦਾਂ ਪੂਜਾਂ?
ਬਹਿ ਕੇ ਚਾਰ ਦੀਵਾਰੀ ਅੰਦਰ?
ਅੱਖੀਆਂ ਮੀਚ ਨਾ ਮੈਂ ਹੱਥ ਜੋੜਾਂ,
ਨੱਚਣਾ ਮੈਂ ਤਾਂ ਵਾਂਗ ‘ਕਲੰਦਰ।’
ਨਾ ਡਰਦਾ, ਨਾ ਵੈਰ ਕਮਾਉਂਦਾ,
ਮੁਰਸ਼ਦ ਮੇਰਾ ਵਡ – ਪੈਗੰਬਰ।
ਬੇਲਿਆਂ ਦੇ ਵਿੱਚ ਵੰਝਲੀ ਵੱਜਦੀ,
ਬੈਠ ਸੁਣਾਂ ਮੈਂ ਖੇੜਿਆਂ ਅੰਦਰ।
ਸ਼ਬਦ, ਸੁਰਤ ਦਾ ਤੁਣਕਾ ਲਾਵੇਂ,
ਆਪ ਸੁਣੇਂ ਬਹਿ ਕੇ ਮਨ ਮੰਦਰ।
ਪ੍ਰੀਤ ਦੀ ਚੂਰੀ ਲੈ ਕੇ ਜਾਵਾਂ,
ਮਨ ਦੇ ਸੰਘਣੇ ਬੇਲਿਆਂ ਅੰਦਰ।
ਮੌਜ ‘ਚ ਮੰਦ-ਮੰਦ ਮੁਸਕਾਵੇ,
ਬੈਠ “ਦੇਸੂਵੀ” ਦਿਲ ਦੀ ਕੰਦਰ।
ਜਸਪਾਲ ਸਿੰਘ ਦੇਸੂਵੀ : 98885 81425
