ਰਾਵੀ ਦੇ ਕੰਢਿਓ ਤ੍ਰੈਮਾਸਿਕ ਪੰਜਾਬੀ ਰਸਾਲਾ “ਰਾਵੀ ਦੀਆਂ ਛੱਲਾਂ” ਜਲਦ ਹੋਵੇਗਾ ਪਾਠਕਾਂ ਦੇ ਹੱਥਾਂ ਵਿੱਚ – ਮਾਸਟਰ ਰਵੀ ਕੁਮਾਰ ਮੰਗਲਾ
ਰਾਵੀ ਦੇ ਕੰਢਿਓ ਤ੍ਰੈਮਾਸਿਕ ਪੰਜਾਬੀ ਰਸਾਲਾ “ਰਾਵੀ ਦੀਆਂ ਛੱਲਾਂ” ਜਲਦ ਹੋਵੇਗਾ ਪਾਠਕਾਂ ਦੇ ਹੱਥਾਂ ਵਿੱਚ – ਮਾਸਟਰ ਰਵੀ ਕੁਮਾਰ ਮੰਗਲਾ
ਬਹਿਰਾਮਪੁਰ (ਸਹਿਜਧਾਰਾ ਬਿਊਰੋ), 05 ਸਤੰਬਰ:
ਅੱਜ ਕੱਲ੍ਹ ਦੀ ਚਕਾਚੌਂਧ ਵਿਚ ਸਾਹਿਤ ਸਿਰਜਣਾ ਕਰਨੀ ਆਪਣੇ ਆਪ ਵਿੱਚ ਇੱਕ ਵੱਡਾ ਉਪਰਾਲਾ ਹੈ। ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਦੀਆਂ ਤੋਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਆਪਣੇ ਪੱਧਰ ‘ਤੇ ਯਤਨਸ਼ੀਲ ਹਨ। ਸਕੂਲਾਂ, ਕਾਲਜਾਂ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਪੰਜਾਬੀ ਵਿਭਾਗ ਵਲੋਂ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਸਰਹੱਦੀ ਖੇਤਰਾਂ ਅਤੇ ਪੰਜਾਬ ਦੇ ਵੱਖ ਵੱਖ ਕੋਨਿਆਂ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕਵੀਆਂ, ਲੇਖਕਾਂ ਅਤੇ ਸਾਹਿਤ ਸਿਰਜਣਾ ਕਰਨ ਵਾਲਿਆਂ ਦੀਆਂ ਲਿਖਤਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚਾਉਣ ਲਈ ਰਾਵੀ ਸਾਹਿਤ ਮਾਲਾ ਅਤੇ ਸੱਭਿਆਚਾਰ ਸੰਭਾਲ ਮੰਚ, ਦਬੁਰਜੀ ਵਿਖੇ ਮਾਸਟਰ ਰਵੀ ਕੁਮਾਰ ਮੰਗਲਾ, ਪਿੰਡ ਦਬੁਰਜੀ ਵਲੋਂ ਰਾਵੀ ਦਰਿਆ ਦੇ ਕੰਢਿਓ ਇੱਕ ਤ੍ਰੈਮਾਸਿਕ ਪੰਜਾਬੀ ਰਸਾਲਾ “ਰਾਵੀ ਦੀਆਂ ਛੱਲਾਂ” ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ, ਜਿਸ ਲਈ ਲੋੜੀਂਦੀ ਕਾਰਵਾਈ ਪੂਰੀ ਕਰ ਲਈ ਗਈ ਹੈ।

ਇਹ ਮੈਗਜ਼ੀਨ ਪੁਸਤਕ ਲੜੀ ਅਧੀਨ ਸ਼ੁਰੂ ਕੀਤਾ ਜਾਵੇਗਾ, ਜਿਸ ਲਈ ਭਾਰਤ ਸਰਕਾਰ ਵਲੋਂ ਆਈਐਸਬੀਐਨ ਨੰਬਰ ਪ੍ਰਾਪਤ ਕਰ ਲਿਆ ਗਿਆ ਹੈ। ਇਸ ਲਈ ਜਲਦੀ ਹੀ ਇਹ ਮੈਗਜ਼ੀਨ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਦੇ ਹੱਥਾਂ ਵਿਚ ਹੋਵੇਗਾ। ਗੱਲਬਾਤ ਕਰਦਿਆਂ ਸੰਪਾਦਕ ਮਾਸਟਰ ਰਵੀ ਕੁਮਾਰ ਮੰਗਲਾ ਨੇ ਦੱਸਿਆ ਕਿ ਭਾਵੇਂ ਪੰਜਾਬੀ ਭਾਸ਼ਾ ਵਿਚ ਕਈ ਰਸਾਲੇ ਛਪ ਰਹੇ ਹਨ, ਪਰ ਸਰਹੱਦੀ ਖੇਤਰ ਨੂੰ ਹਰੇਕ ਵਲੋਂ ਹਮੇਸ਼ਾ ਅੱਖੋਂ-ਪਰੋਖੇ ਰੱਖਿਆ ਗਿਆ ਹੈ। ਇਸ ਲਈ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਸਰਹੱਦੀ ਖੇਤਰ ਤੋਂ ਇਹ ਮੈਗਜ਼ੀਨ ਕੱਢਣ ਦਾ ਮਨ ਬਣਾਇਆ ਹੈ, ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਿਆ ਜਾਵੇਗਾ । ਇਹ ਮੈਗਜ਼ੀਨ ਪੂਰੀ ਤਰ੍ਹਾਂ ਸਾਹਿਤਕ ਹੋਵੇਗਾ। ਉਹਨਾਂ ਨੇ ਵੱਧ ਤੋਂ ਵੱਧ ਪਾਠਕਾਂ ਨੂੰ ਇਸ ਨਾਲ ਜੁੜਨ ਦੀ ਅਪੀਲ ਕੀਤੀ ਹੈ।