ਹੇਮਕੁੰਟ ਸਾਹਿਬ ਦੀ ਯਾਤਰਾ ਦਾ ਰੋਮਾਂਚਕ ਸਫਰ/ ਗੁਰਸ਼ਰਨ ਸਿੰਘ ਕਾਕਾ
ਦੂਜਾ
ਪਹਾੜਾਂ ‘ਚ ਸਵੇਰ ਜਲਦੀ ਹੁੰਦੀ ਹੈ ਤੇ ਅਸੀਂ ਸਵੇਰੇ ਪੰਜ ਵਜੇ ਉੱਠ ਕੇ ਜ਼ਰੂਰੀ ਕੰਮ ਨਿਪਟਾਉਣ ‘ਚ ਲੱਗ ਗਏ। ਮੈਂ ਤੇ ਅਰਵਿੰਦ ਜੈਨ ਨਦੀ ਦੇ ਕੰਢੇ ਨਹਾਉਣ ਚਲੇ ਗਏ। ਤੇਜ਼ ਵਹਾਅ ਕਰਕੇ ਬਾਲਟੀ ‘ਚ ਪਾਣੀ ਲੈ ਕੇ ਹੀ ਨਹਾਉਣਾ ਪਿਆ। ਫਿਰ ਸਾਰਿਆਂ ਨੇ ਆਪਣਾ ਵਾਧੂ ਸਮਾਨ ਗੁਰਦੁਆਰਾ ਸਾਹਿਬ ਦੇ ਲਗੇਜ ਰੂਮ ਵਿੱਚ ਰੱਖ ਦਿੱਤਾ। ਚਾਹ-ਨਾਸ਼ਤਾ ਕਰਨ ਤੋਂ ਬਾਅਦ ਲੰਚ ਪੈਕ ਲੈ ਕੇ ਅਤੇ ਆਪਣੇ-ਆਪਣੇ ਪਿੱਠੂ ਬੈਗ (ਰੱਕਸੈਕ) ਮੋਢਿਆਂ ‘ਤੇ ਟੰਗ ਕੇ ਟ੍ਰੈਕਿੰਗ ਸ਼ੁਰੂ ਕਰ ਦਿੱਤੀ।
ਮੈਂ ਜ਼ਿੰਦਗੀ ਵਿੱਚ ਪਹਿਲਾਂ ਕਦੇ ਟ੍ਰੈਕਿੰਗ ਨਹੀਂ ਸੀ ਕੀਤੀ, ਪਰ ਪਿੱਠੂ ਬੈਗ ਵਿੱਚ ਕੁਝ ਜ਼ਿਆਦਾ ਹੀ ਸਮਾਨ ਪਾ ਲਿਆ ਸੀ। ਅੱਧਾ ਕਿਲੋਮੀਟਰ ਚੱਲਦਿਆਂ ਹੀ ਮੇਰੀ ਹਾਲਤ ਖਰਾਬ ਹੋਣ ਲੱਗੀ। ਅਜਿਹਾ ਲੱਗਿਆ ਜਿਵੇਂ ਇਹ ਭਾਰ ਚੁੱਕ ਕੇ ਮੈਂ ਕਿਵੇਂ ਚੱਲ ਪਾਵਾਂਗਾ? ਕਿਤੇ ਰਸਤੇ ਵਿੱਚ ਹੀ ਮੇਰੀ ਜਾਨ ਨਾ ਨਿਕਲ ਜਾਵੇ। ਸਾਡੇ ਸਾਰੇ ਸਾਥੀ ਅੱਗੇ ਨਿਕਲ ਚੁੱਕੇ ਸਨ। ਹੀਰਾ ਜੀ ਖੱਚਰਾਂ ‘ਤੇ ਟੈਂਟ ਅਤੇ ਦੂਜਾ ਜ਼ਰੂਰੀ ਸਮਾਨ ਲੈ ਕੇ ਅੱਗੇ ਨਿਕਲ ਗਏ ਸਨ। ਉਨ੍ਹਾਂ ਦੀ ਹਦਾਇਤ ਸੀ ਕਿ ਸ਼ਾਮ ਪੰਜ ਵਜੇ ਤੱਕ ਘਾਂਘਰੀਆ ਪਹੁੰਚਣਾ ਹੈ। ਪੂਰੇ ਰਸਤੇ ਵਿੱਚ ਸਿੱਖ ਸ਼ਰਧਾਲੂਆਂ ਅਤੇ ਹੋਰ ਲੋਕਾਂ ਦੀ ਆਵਾਜਾਈ ਲੱਗੀ ਹੋਈ ਸੀ, ਇਸ ਲਈ ਕਿਸੇ ਗਾਈਡ ਦੀ ਲੋੜ ਨਹੀਂ ਸੀ।
ਮੇਰੀ ਹਾਲਤ ਦੇਖ ਕੇ ਅਰਵਿੰਦ ਜੈਨ ਨੇ ਮੇਰਾ ਹੌਂਸਲਾ ਵਧਾਇਆ ਤੇ ਕਿਹਾ, “ਪਹਿਲੀ ਵਾਰ ਟ੍ਰੈਕ ਕਰਨ ਵਾਲਿਆਂ ਨੂੰ ਪਹਿਲੇ ਦਿਨ ਅਜਿਹੀ ਦਿੱਕਤ ਆ ਜਾਂਦੀ ਹੈ। ਆਰਾਮ ਨਾਲ ਚੱਲੋ, ਮੈਂ ਤੁਹਾਡੇ ਨਾਲ ਹਾਂ।” ਬੱਸ ਫਿਰ ਕੀ ਸੀ, ਹੌਲੀ-ਹੌਲੀ ਮੈਂ ਅਰਵਿੰਦ ਜੈਨ ਨਾਲ ਰਸਤੇ ‘ਤੇ ਚੱਲ ਪਿਆ।
ਗੋਬਿੰਦਘਾਟ ਤੋਂ ਘਾਂਘਰੀਆ ਤੱਕ ਦਾ ਪੂਰਾ ਰਸਤਾ ਯਾਤਰੀਆਂ ਨਾਲ ਭਰਿਆ ਰਹਿੰਦਾ ਹੈ। ਬਜ਼ੁਰਗ ਲੋਕ ਆਮ ਤੌਰ ‘ਤੇ ਖੱਚਰਾਂ ‘ਤੇ ਸਫਰ ਕਰਦੇ ਹਨ, ਜਦਕਿ ਘੱਟ ਉਮਰ ਦੇ ਲੋਕ ਪੈਦਲ ਯਾਤਰਾ ਕਰਨਾ ਪਸੰਦ ਕਰਦੇ ਹਨ। ਨੱਚਦੀ-ਗਾਉਂਦੀ ਲਕਸ਼ਮਣ ਗੰਗਾ ਨਦੀ ਦੇ ਨਾਲ-ਨਾਲ, ਚੜ੍ਹਾਈ-ਉਤਰਾਈ ਵਾਲੇ ਰਸਤੇ ‘ਤੇ ਹੌਲੀ-ਹੌਲੀ ਅਤੇ ਵਿਚਕਾਰ ਰੁਕ-ਰੁਕ ਕੇ ਅਸੀਂ ਕੁਦਰਤ ਦੀ ਖੂਬਸੂਰਤੀ ਦਾ ਆਨੰਦ ਲੈਂਦੇ ਹੋਏ ਅੱਗੇ ਵਧ ਰਹੇ ਸੀ। ਸਾਡੇ ਸਾਰੇ ਸਾਥੀ ਸਾਡੇ ਤੋਂ ਕਾਫੀ ਅੱਗੇ ਸਨ।
ਰਸਤੇ ਵਿੱਚ ਰੁਕ-ਰੁਕ ਕੇ ਹਲਕੀ ਬਾਰਿਸ਼ ਹੁੰਦੀ ਰਹੀ। ਹੀਰਾ ਜੀ ਨੇ ਸਾਨੂੰ ਪਲਾਸਟਿਕ ਦੀ ਸੀਟ ਨੂੰ ਸੀਅ ਕੇ ਬਾਰਿਸ਼ ਤੋਂ ਬਚਣ ਦਾ ਤਰੀਕਾ ਪਹਿਲਾਂ ਹੀ ਦੱਸ ਦਿੱਤਾ ਸੀ, ਤਾਂ ਉਸ ਦੀ ਮਦਦ ਨਾਲ ਅਸੀਂ ਆਪਣੇ ਆਪ ਨੂੰ ਢੱਕ ਕੇ ਚੱਲਦੇ ਰਹੇ। ਇਸ ਤਰ੍ਹਾਂ ਦੀ ਹਲਕੀ-ਫੁਲਕੀ ਪਲਾਸਟਿਕ ਸੀਟ ਦਾ ਇਹ ਫਾਇਦਾ ਹੁੰਦਾ ਹੈ ਕਿ ਉਸ ਨੂੰ ਫੋਲਡ ਕਰਕੇ ਬੈਗ ਜਾਂ ਜੇਬ ਵਿੱਚ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ।