ਜਨਗਣਨਾ 2027 ਲਈ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਤਿੰਨ ਰੋਜ਼ਾ ਸਿਖਲਾਈ ਸ਼ੁਰੂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਸਹਿਜਧਾਰਾ ਬਿਊਰੋ), 06 ਅਕਤੂਬਰ: ਜਨਗਣਨਾ 2027 ਦੇ ਪੜਾਅ-II (ਆਬਾਦੀ ਗਣਨਾ) ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਤਿੰਨ ਰੋਜ਼ਾ ਸਿਖਲਾਈ ਦੂਜੇ ਦਿਨ ਜਾਰੀ ਰਹੀ। ਕੱਲ੍ਹ 05 ਅਕਤੂਬਰ ਤੋਂ ਸ਼ੁਰੂ ਹੋ ਕੇ 07 ਅਕਤੂਬਰ ਤੱਕ ਇਹ ਸਿਖਲਾਈ ਚੱਲੇਗੀ। ਇਹ ਸਿਖਲਾਈ ਪ੍ਰੋਗਰਾਮ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਸ ਅਫ਼ਸਰ ਕੋਮਲ ਮਿੱਤਲ, ਆਈ.ਏ.ਐਸ. ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਜ਼ਿਲ੍ਹੇ ਦੇ ਐਸ.ਡੀ.ਐਮਜ਼ ਅਤੇ ਚਾਰਜ ਅਫ਼ਸਰਾਂ ਵੱਲੋਂ ਕੀਤਾ ਗਿਆ। ਇਸ ਮੌਕੇ ਅਧਿਕਾਰੀਆਂ ਨੇ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ, ਸਹੀਪਨ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਕੰਮ ਦੀ ਸਫਲਤਾ ਲਈ ਆਪਸੀ ਤਾਲਮੇਲ, ਸਹੀ ਜਾਣਕਾਰੀ ਇਕੱਤਰ ਕਰਨਾ ਅਤੇ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਬਹੁਤ ਜ਼ਰੂਰੀ ਹੈ। ਸਹੀ ਅਤੇ ਭਰੋਸੇਯੋਗ ਅੰਕੜਿਆਂ ਰਾਹੀਂ ਹੀ ਜਨਗਣਨਾ 2027 ਦੇ ਪੜਾਅ-II ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੁਕੰਮਲ ਕੀਤਾ ਜਾ ਸਕਦਾ ਹੈ। ਭਾਰਤ ਸਰਕਾਰ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਪੰਜਾਬ ਵਿੱਚ ਸਵੈ-ਗਣਨਾ 16 ਨਵੰਬਰ ਤੋਂ 30 ਨਵੰਬਰ 2026 ਤੱਕ ਕਰਵਾਈ ਜਾਵੇਗੀ। ਇਸ ਤੋਂ ਬਾਅਦ ਆਬਾਦੀ ਗਣਨਾ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਹੋਵੇਗੀ, ਜਦਕਿ ਸੋਧ ਦੌਰ 5 ਜਨਵਰੀ ਤੋਂ 9 ਜਨਵਰੀ 2027 ਤੱਕ ਚਲਾਇਆ ਜਾਵੇਗਾ।

ਸਵੈ-ਗਣਨਾ ਦੀ ਸਹੂਲਤ ਤਹਿਤ ਲੋਕ ਅਧਿਕਾਰਤ ਸਵੈ-ਗਣਨਾ ਪੋਰਟਲ ਰਾਹੀਂ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਗਣਨਾ ਤੋਂ ਪਹਿਲਾਂ ਆਪਣੀ ਜਨਗਣਨਾ ਸਬੰਧੀ ਜਾਣਕਾਰੀ ਆਨਲਾਈਨ ਦਰਜ ਕਰ ਸਕਣਗੇ। ਸਵੈ-ਗਣਨਾ ਪੂਰੀ ਹੋਣ ਉਪਰੰਤ ਉੱਤਰਦਾਤਾ ਨੂੰ 11 ਅੰਕਾਂ ਵਾਲੀ ਸਵੈ ਗਣਨਾ ਆਈ ਡੀ ਜਾਰੀ ਕੀਤੀ ਜਾਵੇਗੀ, ਜੋ ਅੰਗਰੇਜ਼ੀ ਦੇ ਅੱਖਰ ‘ਪੀ’ ਨਾਲ ਸ਼ੁਰੂ ਹੋਵੇਗੀ ਅਤੇ ਇਹ ਆਈ ਡੀ ਐਸ.ਐਮ.ਐਸ. ਰਾਹੀਂ ਪ੍ਰਾਪਤ ਹੋਵੇਗੀ। ਗਣਨਾਕਾਰ ਘਰ-ਘਰ ਦੌਰੇ ਦੌਰਾਨ ਇਸ ਆਈ ਡੀ ਦੀ ਤਸਦੀਕ ਕਰਨਗੇ, ਜਿਸ ਨਾਲ ਪੂਰਾ ਪ੍ਰਸ਼ਨਾਵਲੀ ਫਾਰਮ ਦੁਬਾਰਾ ਭਰਨ ਦੀ ਲੋੜ ਨਹੀਂ ਪਵੇਗੀ। ਤਿੰਨ ਰੋਜ਼ਾ ਸਿਖਲਾਈ ਦਾ ਮੁੱਖ ਉਦੇਸ਼ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਜਨਗਣਨਾ ਦੇ ਪੜਾਅ-II, ਆਬਾਦੀ ਗਣਨਾ ਦੀ ਪ੍ਰਕਿਰਿਆ ਅਤੇ ਪੀ ਈ ਐਪਲੀਕੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਾ ਹੈ। ਆਬਾਦੀ ਗਣਨਾ ਦੌਰਾਨ ਵਿਅਕਤੀਆਂ ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਵੇਰਵੇ, ਜਿਵੇਂ ਉਮਰ, ਸਾਖਰਤਾ, ਆਰਥਿਕ ਗਤੀਵਿਧੀ ਆਦਿ ਦਰਜ ਕੀਤੇ ਜਾਣਗੇ। ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਆਬਾਦੀ ਗਣਨਾ ਸਮੇਂ ਪੁੱਛੇ ਜਾਣ ਵਾਲੇ 40 ਪ੍ਰਸ਼ਨਾਂ, ਉਨ੍ਹਾਂ ਨੂੰ ਪੁੱਛਣ ਦੇ ਸਹੀ ਢੰਗ ਅਤੇ ਹਰੇਕ ਪ੍ਰਸ਼ਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ-ਨਾਲ ਮੋਬਾਈਲ ਐਪ ਦੀ ਵਰਤੋਂ, ਡਾਟਾ ਐਂਟਰੀ ਅਤੇ ਫੀਲਡ ਪੱਧਰ ’ਤੇ ਆਉਣ ਵਾਲੀਆਂ ਸੰਭਾਵਿਤ ਸਮੱਸਿਆਵਾਂ ਦੇ ਹੱਲ ਬਾਰੇ ਵੀ ਸਿਖਲਾਈ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਗਣਨਾਕਾਰ ਅਤੇ ਸੁਪਰਵਾਈਜ਼ਰ ਜਨਗਣਨਾ ਦੀ ਪੂਰੀ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਲਈ ਉਨ੍ਹਾਂ ਨੂੰ ਦਿੱਤੀ ਜਾ ਰਹੀ ਸਿਖਲਾਈ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਰਧਾਰਤ ਹਦਾਇਤਾਂ ਅਨੁਸਾਰ ਕੰਮ ਕਰਨ ਦੀ ਅਪੀਲ ਕੀਤੀ ਗਈ।