ਸਨੀ ਐਨਕਲੇਵ ਵਿੱਚ ਫੈਲੀ ਗੰਦਗੀ ਖਿਲ਼ਾਫ ਲੋਕ ਇਕੱਠੇ ਹੋਏ
ਸੰਨੀ ਇਨਕਲੇਵ ਦੇ ਸੈਕਟਰ 125 ਦੇ ਜਾਗਰੂਕ ਨਾਗਰਿਕਾਂ ਦੀ ਅਹਿਮ ਤੇ ਭਾਰੀ ਇਕੱਤਰਤਾ ਰਾਜ ਕੰਪਲੈਕਸ ਵਿੱਚ ਹੋਈ, ਜਿਸ ਵਿੱਚ ਸਨੀ ਐਨਕਲੇਵ ਦੇ ਬਲਾਕ ਬੀ ਤੇ ਬਲਾਕ ਸੀ ਦੇ ਫਿਕਰਮੰਦ ਲੋਕਾਂ ਨੇ ਭਾਗ ਲਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਮਤੇ ਰਾਹੀਂ ਦੇਸੂ ਮਾਜਰਾ, ਫਤਿਹਉਲਾਪੁਰ ਤੋਂ ਸੰਨੀ ਇਨਕਲੇਵ ਸੈਕਟਰ 125 ਨਾਲ ਜੁੜਦੀ ਗਲੀ ਦੀ ਬੱਦਤਰ ਹਾਲਤ ‘ਤੇ ਗਹਿਰੀ ਚਿੰਤਾ ਜਤਾਈ ਗਈ, ਜਿਸ ਵਿੱਚ ਕੁਝ ਗ਼ੈਰ-ਜ਼ਿੰਮੇਵਾਰ ਲੋਕ ਰੋਜ਼ਾਨਾ ਆਪਣੇ ਘਰਾਂ ਦਾ ਕੂੜਾ-ਕਰਕਟ ਆਦਿ ਸੁੱਟ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ। ਅਜਿਹਾ ਕਰਨ ਨਾਲ਼ ਬਰਸਾਤੀ ਮੌਸਮ ਵਿੱਚ ਬਿਮਾਰੀਆਂ ਦੇ ਫੈਲਣ ਦਾ ਡਰ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਸੀਵਰੇਜ ਦਾ ਗੰਦਾ ਪਾਣੀ ਗਲੀ ਵਿੱਚ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਅੱਗੇ ਇਸ ਤਰ੍ਹਾਂ ਚੱਲ ਰਿਹਾ ਹੈ, ਜਿਵੇਂ ਇੱਥੇ ਦਾ ਕੋਈ ਵਾਲੀ-ਵਾਰਸ ਨਾ ਹੋਵੇ, ਬਲਕਿ ਇਹ ਕੂੜੇ ਦਾ ਡੰਪ ਹੋਵੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਵੀ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।
ਇਸ ਮੀਟਿੰਗ ਵਿੱਚ ਸ਼ਾਮਲ ਵਿਅਕਤੀਆਂ ਨੇ ਇੱਕਸੁਰ ਵਿੱਚ ਸਬੰਧਤ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਸਬੰਧੀ ਸਹਿਮਤੀ ਜਤਾਈ, ਜਿਹੜੇ ਆਪਣੀ ਗ਼ੈਰ-ਜ਼ਿੰਮੇਵਾਰਾਨਾ ਹਰਕਤ ਰਾਹੀਂ ਆਪਣੇ ਘਰਾਂ ਦਾ ਕੂੜਾ-ਕਰਕਟ ਕਿਸੇ ਹੋਰ ਦੇ ਘਰ ਅੱਗੇ ਬੇਕਿਰਕੀ ਨਾਲ਼ ਸੁੱਟ ਰਹੇ ਹਨ। ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਐਸੋਸੀਏਸ਼ਨ ਬਣਾਉਣ ਅਤੇ ਸਫਾਈ ਪ੍ਰਬੰਧਾਂ ਦੀ ਨਿਗਰਾਨੀ ਲਈ ਲੋੜੀਂਦੇ ਕਦਮ ਚੁੱਕਣ ਬਾਰੇ ਵੀ ਸਹਿਮਤੀ ਬਣੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੁਲਜੀਤ ਸਿੰਘ ਸੈਣੀ, ਐਡਵੋਕੇਟ ਨੋਟਰੀ ਤਜਿੰਦਰ ਕੌਰ, ਐੱਚ. ਐਸ. ਵੇਰਕਾ, ਐਡਵੋਕੇਟ ਜਾਨਸ਼ੀਨ ਸਚਦੇਵਾ, ਰਜਿੰਦਰ ਕੁਮਾਰ, ਉਪਕਾਰ ਸਿੰਘ, ਹਰਮਨਪ੍ਰੀਤ ਸਿੰਘ, ਪੀ. ਕੇ. ਗਰਗ, ਜਤਿੰਦਰ ਸਿੰਘ, ਰੋਹਿਤ ਬਾਂਸਲ, ਕ੍ਰਿਸ਼ਨ ਸੈਣੀ, ਰਾਕੇਸ਼ ਰਾਣਾ, ਸਤਵਿੰਦਰ ਸਿੰਘ, ਅੰਕੁਸ਼ ਸੂਦ, ਜਸਵਿੰਦਰ ਸਿੰਘ, ਕੁਨਾਲ ਨਾਹਰ, ਸਤਿੰਦਰ ਸਿੰਘ, ਰਾਕੇਸ਼ ਕੁਮਾਰ, ਲਖਵੀਰ ਸਿੰਘ, ਅਮਨਦੀਪ ਸਿੰਘ, ਅਮਰੀਕ ਸਿੰਘ ਮਾਨ, ਪਰਮਜੀਤ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਜ਼ਿੰਮੇਵਾਰ ਵਿਅਕਤੀ ਸ਼ਾਮਲ ਸਨ।