
ਹਰਜਗਤੇਸ਼ਵਰ ਖਹਿਰਾ ਦੀ ਸ਼ਾਨਦਾਰ 142 ਦੌੜਾਂ ਦੀ ਪਾਰੀ, ਸੁਖਮਨ ਸਹੋਤਾ ਨੇ ਝਟਕੇ ਪੰਜ ਵਿਕਟ
ਵਡੋਦਰਾ (ਸਹਿਜਧਾਰਾ ਬਿਊਰੋ), 6 ਅਕਤੂਬਰ: ਪੰਜਾਬ ਨੇ ਆਲ ਇੰਡੀਆ ਅੰਡਰ-16 ਲੇਟ ਜੇ.ਵਾਈ. ਲੇਲੇ ਮੈਮੋਰੀਅਲ ਇਨਵਿਟੇਸ਼ਨਲ ਦੋ-ਦਿਨਾ ਕ੍ਰਿਕਟ ਟੂਰਨਾਮੈਂਟ 2026-27 ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਬੜੌਦਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪੰਜਾਬ ਨੇ ਅਸਾਮ ਖ਼ਿਲਾਫ਼ ਪਹਿਲੀ ਪਾਰੀ ਵਿੱਚ ਅਹਿਮ ਬੜ੍ਹਤ ਹਾਸਲ ਕਰਕੇ ਫਾਈਨਲ ਲਈ ਕੁਆਲੀਫਾਈ ਕੀਤਾ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੂਰੀ ਟੀਮ ਅਤੇ ਸਹਾਇਕ ਸਟਾਫ਼ ਨੂੰ ਫਾਈਨਲ ਵਿੱਚ ਪਹੁੰਚਣ ਲਈ ਵਧਾਈ ਦਿੱਤੀ ਅਤੇ ਖਿਤਾਬੀ ਮੁਕਾਬਲੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਟੂਰਨਾਮੈਂਟ ਵਿੱਚ ਕੁੱਲ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਸੈਮੀਫਾਈਨਲ ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ ’ਤੇ ਅਸਾਮ ਨੂੰ ਪਿੱਛੇ ਛੱਡਿਆ, ਜਦਕਿ ਮੁੰਬਈ ਨੇ ਛੱਤੀਸਗੜ੍ਹ ਨੂੰ ਹਰਾਕੇ ਫਾਈਨਲ ਵਿੱਚ ਥਾਂ ਬਣਾਈ। ਹੁਣ ਫਾਈਨਲ ਮੁਕਾਬਲਾ ਪੰਜਾਬ ਅਤੇ ਮੁੰਬਈ ਵਿਚਕਾਰ ਖੇਡਿਆ ਜਾਵੇਗਾ।

ਪੰਜਾਬ ਦੇ ਕਪਤਾਨ ਹਰਜਗਤੇਸ਼ਵਰ ਸਿੰਘ ਖਹਿਰਾ ਨੇ ਅੱਗੇ ਵੱਧ ਕੇ ਟੀਮ ਦੀ ਅਗਵਾਈ ਕਰਦਿਆਂ ਸ਼ਾਨਦਾਰ 142 ਦੌੜਾਂ ਦੀ ਪਾਰੀ ਖੇਡੀ। ਅਸਾਮ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਪੰਜਾਬ ਨੇ ਨਿਰਧਾਰਤ 90 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 287 ਦੌੜਾਂ ਬਣਾਈਆਂ।ਇਸ ਤੋਂ ਬਾਅਦ ਪੰਜਾਬ ਦੇ ਖੱਬੇ ਹੱਥ ਦੇ ਆਰਥੋਡਾਕਸ ਸਪਿਨਰ ਸੁਖਮਨ ਸਿੰਘ ਸਹੋਤਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 19 ਓਵਰਾਂ ਵਿੱਚ 31 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਅਸਾਮ ਦੀ ਪੂਰੀ ਟੀਮ 81 ਓਵਰਾਂ ਵਿੱਚ 262 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਪੰਜਾਬ ਨੇ ਪਹਿਲੀ ਪਾਰੀ ਵਿੱਚ ਅਹਿਮ 25 ਦੌੜਾਂ ਦੀ ਬੜ੍ਹਤ ਹਾਸਲ ਕੀਤੀ, ਜੋ ਟੀਮ ਨੂੰ ਫਾਈਨਲ ਵਿੱਚ ਪਹੁੰਚਾਉਣ ਲਈ ਨਿਰਣਾਇਕ ਸਾਬਤ ਹੋਈ। ਹਰਜਗਤੇਸ਼ਵਰ ਖਹਿਰਾ ਇਸ ਵੇਲੇ ਟੂਰਨਾਮੈਂਟ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ ਹੁਣ ਤੱਕ 7 ਪਾਰੀਆਂ ਵਿੱਚ 99.20 ਦੀ ਸ਼ਾਨਦਾਰ ਔਸਤ ਨਾਲ 496 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿੱਚ ਦੋ ਸੈਂਕੜੇ ਅਤੇ ਦੋ ਅਰਧ-ਸੈਂਕੜੇ ਸ਼ਾਮਲ ਹਨ। ਸੁਖਮਨ ਸਹੋਤਾ ਵੀ ਗੇਂਦ ਨਾਲ ਸ਼ਾਨਦਾਰ ਫਾਰਮ ਵਿੱਚ ਹਨ। ਉਨ੍ਹਾਂ ਨੇ ਹੁਣ ਤੱਕ ਪੰਜ ਪਾਰੀਆਂ ਵਿੱਚ 13 ਵਿਕਟਾਂ ਹਾਸਲ ਕੀਤੀਆਂ ਹਨ, ਜਿਨ੍ਹਾਂ ਵਿੱਚ ਦੋ ਵਾਰ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਵੀ ਸ਼ਾਮਲ ਹੈ। ਪੰਜਾਬ ਹੁਣ 8 ਤੋਂ 10 ਅਕਤੂਬਰ, 2026 ਤੱਕ ਵਡੋਦਰਾ ਵਿੱਚ ਖੇਡੇ ਜਾਣ ਵਾਲੇ ਤਿੰਨ-ਦਿਨਾ ਫਾਈਨਲ ਮੁਕਾਬਲੇ ਵਿੱਚ ਮੁੰਬਈ ਦਾ ਸਾਹਮਣਾ ਕਰੇਗਾ।
