ਦੀਵਾਲੀ/ਗੁਰਪੁਰਬ ਮੌਕੇ ਪਟਾਖਿਆਂ ਦੀਆਂ ਆਰਜ਼ੀ ਦੁਕਾਨਾਂ ਦੇ ਆਰਜ਼ੀ ਲਾਇਸੰਸਾਂ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 7 ਅਕਤੂਬਰ

ਅਰਜ਼ੀਆਂ ਸੇਵਾ ਕੇਂਦਰਾਂ ਵਿਖੇ ਦਿੱਤੀਆਂ ਜਾ ਸਕਦੀਆਂ ਹਨ; ਡਰਾਅ 15 ਅਕਤੂਬਰ ਨੂੰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਸਹਿਜਧਾਰਾ ਬਿਊਰੋ), 6 ਅਕਤੂਬਰ: ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਤੇ ਡਾਇਰੈਕਟਰ, ਉਦਯੋਗ ਅਤੇ ਵਣਜ ਵਿਭਾਗ, ਪੰਜਾਬ, ਚੰਡੀਗੜ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੀਵਾਲੀ/ ਗੁਰਪੁਰਬ ਦੇ ਮੌਕੇ ਤੇ ਪਟਾਖਿਆਂ ਦੀਆਂ ਆਰਜ਼ੀ ਦੁਕਾਨਾਂ ਲਗਾਉਣ ਲਈ 5 ਅਕਤੂਬਰ ਤੋਂ ਸ਼ੁਰੂ ਹੋਈਆਂ ਆਰਜ਼ੀ ਲਾਇਸੰਸਾਂ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 7 ਅਕਤੂਬਰ, 2026 ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਦੱਸਿਆ ਕਿ ਕੇਵਲ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਚਾਹਵਾਨ ਵਿਅਕਤੀ ਪੰਜਾਬ ਸਰਕਾਰ ਦੀ ਵੈੱਬਸਾਈਟ https://punjab.gov.in/forms/ ਤੋਂ ਐਪਲੀਕੇਸ਼ਨ ਫਾਰਮ ਜੋ ਕਿ “ਟੈਂਪਰੇਰੀ ਲਾਇਸੰਸ ਫਾਰ ਸੇਲ ਆਫ ਫਾਇਰਕਰੈਕਰਸ” ਤਹਿਤ ਅਪਲੋਡ ਹੈ, ਨੂੰ ਡਾਊਨਲੋਡ ਕਰਕੇ 7 ਅਕਤੂਬਰ 2026 ਤੱਕ, ਸ਼ਾਮ 5.00 ਵਜੇ ਤੋਂ ਪਹਿਲਾਂ-ਪਹਿਲਾਂ ਆਪਣੀ ਦਰਖਾਸਤ, ਰਿਹਾਇਸ਼ ਦੇ ਘੱਟੋ-ਘੱਟ ਦੋ ਸਬੂਤਾਂ ਸਮੇਤ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵੱਖ-ਵੱਖ ਸੇਵਾ ਕੇਂਦਰਾਂ ਵਿਖੇ ਪੇਸ਼ ਕਰ ਸਕਦੇ ਹਨ। ਨਿਰਧਾਰਤ ਸਮੇਂ ਤੋਂ ਬਾਅਦ ਪ੍ਰਾਪਤ ਦਰਖਾਸਤਾਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਇੱਕ ਵਿਅਕਤੀ ਇੱਕ ਹੀ ਦਰਖਾਸਤ ਪੇਸ਼ ਕਰ ਸਕਦਾ ਹੈ। ਇੱਕ ਤੋਂ ਵੱਧ ਦਰਖਾਸਤ ਮੰਨਣ ਯੋਗ ਨਹੀਂ ਹੋਵੇਗੀ। ਇਨ੍ਹਾਂ ਅਰਜ਼ੀਆਂ ਦੇ ਆਧਾਰ ਤੇ ਲਾਈਸੰਸ ਜਾਰੀ ਕਰਨ ਲਈ 15 ਅਕਤੂਬਰ ਨੂੰ ਦੁਪਹਿਰ 12 ਵਜੇ ਡਰਾਅ ਕੱਢਣ ਦੀ ਮਿਤੀ ਨਿਰਧਾਰਤ ਕੀਤੀ ਗਈ ਹੈ