ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਤੇ ਸੱਚੀਆਂ ਮਿੱਤਰ ਹੁੰਦੀਆਂ ਹਨ – ਜਸਪ੍ਰੀਤ ਸਿੰਘ ਸੰਧੂ
ਖਰੜ (ਸਹਿਜਧਾਰਾ ਬਿਊਰੋ), 18 ਅਗਸਤ:
‘ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਤੇ ਸੱਚੀਆਂ ਮਿੱਤਰ ਹੁੰਦੀਆਂ ਹਨ। ਇਹ ਮਨੁੱਖ ਨੂੰ ਗਿਆਨ, ਚੰਗੀ ਸੋਚ, ਸੂਝ-ਸਿਆਣਪ ਪ੍ਰਦਾਨ ਕਰਦੀਆਂ ਹਨ ਅਤੇ ਜੀਵਨ ਜਿਊਣ ਦੀ ਜਾਂਚ ਸਿਖਾਉਂਦੀਆਂ ਹਨ। ਬਿਨਾਂ ਕਿਸੇ ਸੁਆਰਥ ਦੇ ਕਿਤਾਬਾਂ ਮਨੁੱਖ ਨੂੰ ਸਹੀ ਰਸਤਾ ਵਿਖਾਉਂਦੀਆਂ ਹਨ ਅਤੇ ਹਰ ਮੁਸ਼ਕਿਲ ਘੜੀ ਵਿੱਚ ਸਾਥ ਦਿੰਦੀਆਂ ਹਨ। ਚੰਗੀਆਂ ਕਿਤਾਬਾਂ ਪੜ੍ਹਨ ਨਾਲ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਅੱਜ ਸਾਡੇ ਅਪਣੇ ਖਰੜ ਸ਼ਹਿਰ ਦੇ ਅੰਦਰ ਸਰਦਾਰ ਨਰਾਤਾ ਸਿੰਘ ਅਤੇ ਸਾਡੇ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਦਕਰ ਦੀ ਯਾਦਗਾਰ ਨੂੰ ਸਮਰਪਿਤ ਇੱਕ ਲਾਇਬ੍ਰੇਰੀ ਖੋਲ੍ਹੀ ਗਈ ਹੈ।’ ਇਹ ਸ਼ਬਦ ਇੱਕ ਚੰਗੇ ਪਾਠਕ, ਸਾਹਿਤ ਪ੍ਰੇਮੀ, ਲੇਖਕ ਜਸਪ੍ਰੀਤ ਸਿੰਘ ਸੰਧੂ ਨੇ ਸਹਿਜਧਾਰਾ ਡਾਟ ਇਨ ਨਾਲ਼ ਗੱਲਬਾਤ ਕਰਦਿਆਂ ਕਹੇ।

ਵਰਨਣਯੋਗ ਹੈ ਕਿ ਸਥਾਨਕ ਸ੍ਰੀ ਗੁਰੂ ਰਵਿਦਾਸ ਸਭਾ (ਰਜਿ.) ਵੱਲੋਂ ਖੋਲ੍ਹੀ ਗਈ ਸ੍ਰ. ਨਰਾਤਾ ਸਿੰਘ ਯਾਦਗਾਰੀ ਡਾ. ਭੀਮ ਰਾਓ ਅੰਬੇਡਕਰ ਲਾਇਬਰੇਰੀ ਦਾ ਉਦਘਾਟਨ ਖਰੜ ਦੇ ਉਪ ਮੰਡਲ ਮੈਜਿਸਟਰੇਟ ਗੁਰਮੀਤ ਸਿੰਘ, ਪੀ.ਸੀ.ਐਸ. ਵੱਲੋਂ ਕੀਤਾ ਗਿਆ, ਜੋ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ। ਉਨ੍ਹਾਂ ਤੋਂ ਇਲਾਵਾ ਖਰੜ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀਆਂ ਨੇ ਵੀ ਸ਼ਿਰਕਤ ਕੀਤੀ। ਸਭਾ ਦੇ ਆਗੂ ਹਰਨਾਮ ਸਿੰਘ ਡੱਲਾ ਨੇ ਕਿਹਾ ਕਿ ਇਸ ਕਾਰਜ ਵਿੱਚ ਖਰੜ ਵਾਸੀ ਸ੍ਰ. ਗਰੀਬ ਸਿੰਘ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ, ਜਿਨ੍ਹਾਂ ਨੇ ਆਪਣੀਆਂ ਮਲਕੀਅਤੀ ਪੰਜ ਦੁਕਾਨਾਂ ਦੀ ਕਮਾਈ ਸਮੇਤ ਥਾਂ ਗਰੀਬ ਬੱਚੀਆਂ ਦੇ ਪੜ੍ਹਾਈ ‘ਤੇ ਖਰਚ ਕਰਨ, ਆਮ ਸ਼ਹਿਰੀ ਲੋਕਾਂ ਅਤੇ ਬੱਚਿਆਂ ਲਈ ਲਾਇਬ੍ਰੇਰੀ ਬਣਾ ਕੇ ਦਾਨ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਖਰੜ ਸ਼ਹਿਰ ਦੀ ਪਹਿਲੀ ਲਾਇਬ੍ਰੇਰੀ ਹੈ ਜੋ ਦਾਨੀ ਸੱਜਣਾਂ ਦੇ ਸਹਿਯੋਗ ਅਤੇ ਸਥਾਨਕ ਲੋਕਾਂ ਦੀ ਮੱਦਦ ਨਾਲ ਚੱਲੇਗੀ। ਇਸ ਮੌਕੇ ਜਸਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਸੁਚੱਜੇ ਕਾਰਜ ਦੀ ਆਮ ਲੋਕਾਂ ਵੱਲੋਂ ਬਹੁਤ ਪ੍ਰਸੰਸਾ ਕੀਤੀ ਜਾ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਹਿਰ ਨਿਵਾਸੀ, ਲੇਖਕ, ਸਾਹਿਤਕਾਰ, ਸਮਾਜ ਸੇਵਕ ਹਾਜ਼ਰ ਸਨ।
