ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦਾ 119ਵਾਂ ਜਨਮ ਦਿਨ ਮਨਾਇਆ – ਅਮਰੀਕ ਸਿੰਘ ਹੈਪੀ

ਚੰਡੀਗੜ੍ਹ (ਸਹਿਜਧਾਰਾ ਬਿਊਰੋ), 28 ਸਤੰਬਰ: ‘ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੀ ਜ਼ਿੰਦਗੀ ਸਾਡੇ ਲਈ ਸਿਰਫ ਇਤਿਹਾਸ ਦਾ ਇੱਕ ਅਧਿਆਇ ਹੀ ਨਹੀਂ, ਸਗੋਂ ਅੱਜ ਨੌਜਵਾਨ ਪੀੜ੍ਹੀ ਲਈ ਹਿੰਮਤ, ਕੁਰਬਾਨੀ ਅਤੇ ਆਪਣੇ ਅਸੂਲਾਂ ’ਤੇ ਡਟੇ ਰਹਿਣ ਦੀ ਪ੍ਰੇਰਣਾ ਅਤੇ ਤਾਕਤ ਬਣਨ ਦਾ ਅਧਿਆਇ ਹੈ। ਉਨ੍ਹਾਂ ਆਪਣੀ ਛੋਟੀ ਉਮਰ ਵਿੱਚ ਦੇਸ਼ ਦੀ ਆਜ਼ਾਦੀ ਲਈ ਜੋ ਸੰਘਰਸ਼ ਕਰਦਿਆਂ ਕੁਰਬਾਨੀ ਦਿੱਤੀ, ਉਹ ਸਦਾ ਯਾਦ ਰਹੇਗੀ।’ ਉੱਘੇ ਸਮਾਜ ਸੇਵੀ ਅਮਰੀਕ ਸਿੰਘ ਹੈਪੀ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਜਿਹੜੀ ਆਜ਼ਾਦੀ ਅਸੀਂ ਮਾਣ ਰਹੇ ਹਾਂ, ਉਹ ਸ੍ਰ. ਭਗਤ ਸਿੰਘ ਦੀ ਹੀ ਦੇਣ ਹੈ। ਉਨ੍ਹਾਂ ਕਾਵਿਕ ਭਾਸ਼ਾ ਵਿੱਚ ਗੱਲ ਕਰਦਿਆਂ ਕਿਹਾ, ‘ਮਿੱਟੀ ਪੰਜਾਬ ਦੀ ਅੱਜ ਵੀ ਤੇਰੇ ਕਦਮਾਂ ਨੂੰ ਲੱਭਦੀ ਏ/ ਭਗਤ ਸਿੰਘਾ, ਤੇਰੀ ਸ਼ਹਾਦਤ ਹਰ ਧੜਕਣ ਵਿੱਚ ਵੱਸਦੀ ਏ।’

ਜ਼ਿਕਰਯੋਗ ਹੈ ਕਿ ਅਮਰੀਕ ਸਿੰਘ ਹੈਪੀ ਵੱਲੋਂ ਅੱਜ ਆਪਣੇ ਸਾਥੀਆਂ ਸਮੇਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਸ਼ਹੀਦਾਂ ਦੀ ਯਾਦ ਨੂੰ ਸਿਰਫ਼ ਸਮਾਗਮਾਂ ਤੇ ਸ਼ਰਧਾਂਜਲੀਆਂ ਤੱਕ ਹੀ ਸੀਮਤ ਨਾ ਰੱਖੀਏ, ਬਲਕਿ ਉਨ੍ਹਾਂ ਦੇ ਜੀਵਨ ਤੋਂ ਸੱਚਾਈ, ਨਿਡਰਤਾ, ਜ਼ਿੰਮੇਵਾਰੀ ਅਤੇ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਣ ਦੀ ਪ੍ਰੇਰਣਾ ਲਈਏ। ਸਾਡੀ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ, ਵਿਰਸੇ ਅਤੇ ਸ਼ਹੀਦਾਂ ਦੀ ਸੋਚ ਨਾਲ ਜੁੜੇ, ਇਹੀ ਸਾਡੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਬਿੱਲਾ ਭੂਰੜਿਆਂ, ਕੁਲਜੀਤ ਸਿੰਘ, ਜਗਜੀਤ ਸਿੰਘ, ਰਜਿੰਦਰ ਸਿੰਘ ਲਾਡੀ, ਜਸਮੇਰ ਸਿੰਘ ਬਾਠ, ਪੰਕਜ ਕੁਮਾਰ, ਲਖਬੀਰ ਸਿੰਘ ਭੱਟੀ, ਹਰਮਨਦੀਪ ਸਿੰਘ, ਜਸਪ੍ਰੀਤ ਸਿੰਘ, ਡਾ. ਅਵਤਾਰ ਸਿੰਘ, ਅਵਨੀਤ ਸਿੰਘ ਨਵੀ ਆਦਿ ਸਾਰਿਆਂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ ਸ਼ਰਧਾਂਜਲੀ ਭੇਟ ਕੀਤੀ।