ਜੋ ਵੀ ਸਿਆਣੇ ਮੂੰਹੋਂ ਬੋਲਦੇ/ ਤੇਜਿੰਦਰ ਸਿੰਘ ਤੇਜੀ
ਤਜ਼ਰਬੇ ਦੀ ਛਾਣਨੀ ‘ਚੋਂ ਛਾਣ ਕੇ
ਸੂਖਮ ਜਿਹਾ ਸਾਂਭ ਲਿਓ ਜਾਣ ਕੇ।
ਅਤਰ ਦੀ ਸ਼ੀਸ਼ੀ ਜਿਹੇ ਗਿਆਨ ਨੂੰ
ਐਵੇਂ ਨਹੀਂ ਨਿਆਣੇ ਜਿਹੜੇ ਡੋਲ੍ਹਦੇ।
ਗਹੁ ਨਾਲ ਵਾਚ ਤੇ ਵਿਚਾਰ ਲਿਓ
ਜੋ ਵੀ ਸਿਆਣੇ ਮੂੰਹੋਂ ਬੋਲਦੇ।
ਮਿਹਨਤਾਂ ਨੂੰ ਹੱਡਾਂ ਨੇ ਹੰਢਾ ਲਿਆ
ਵੇਖਿਆ ਨਾ ਸੋਚਿਆ ਕਮਾ ਲਿਆ।
ਕੰਮ ਆਪਣੇ ‘ਚ ਮਨ ਖੂਬ ਲਾਵਣਾ
ਚਿੱਤ ਵੈਰ ਨਹੀਂ ਲਿਆਣਾ ਖੂਨ ਖੌਲ੍ਹਦੇ।
ਗਹੁ ਨਾਲ ਵਾਚ ਤੇ ਵਿਚਾਰ ਲਿਓ
ਜੋ ਵੀ ਸਿਆਣੇ ਮੂੰਹੋਂ ਬੋਲਦੇ।
ਅਪਣਾ ਪਰਾਇਆ ਸੱਭ ਛੱਡ ਦੇ
ਬੰਦਾ ਬਣ ਔਗੁਣਾਂ ਨੂੰ ਕੱਢ ਦੇ।
ਪਿਆਰ ਦੇ ਮੁਰੀਦ ਤੇਰੇ ਅਪਣੇ
ਪਿਆਰ ਤਾਂ ਨਹੀਂ ਘੱਟੋ ਘੱਟ ਤੋਲਦੇ।
ਗਹੁ ਨਾਲ ਵਾਚ ਤੇ ਵਿਚਾਰ ਲਿਓ
ਜੋ ਵੀ ਸਿਆਣੇ ਮੂੰਹੋਂ ਬੋਲਦੇ।
ਇਹ ਦੁਨੀਆ ਏ ਵੇਖੀ ਹਰ ਪੱਖ ਤੋਂ
ਜੌਹਰੀ ਵਾਲੀ ਪਾਰਖੂ ਜਿਹੀ ਅੱਖ ਤੋਂ।
ਸਮੁੰਦਰਾਂ ‘ਚ ਖੜ੍ਹੇ ਜੋ ਪਹਾੜ ਜਿਹੇ
ਲਹਿਰਾਂ ਨਾਲ ਖਹਿੰਦਿਆਂ ਨੀ ਡੋਲ੍ਹਦੇ।
ਗਹੁ ਨਾਲ ਵਾਚ ਤੇ ਵਿਚਾਰ ਲਿਓ
ਜੋ ਵੀ ਸਿਆਣੇ ਮੂੰਹੋਂ ਬੋਲਦੇ।
ਕਿੰਨੀ ਕੁ ਲੰਮੇਰੀ ਕਾਵਿ ਕਰਾਂਗਾ
ਬੜੀ ਗਹਿਰੀ ਕਿੰਨੀ ਕੁ ਮੈਂ ਭਰਾਂਗਾ।
ਭਾਗਾਂ ਵਾਲੇ ਦੁਨੀਆ ‘ਤੇ ਹੋਣਗੇ
ਬਜ਼ੁਰਗਾਂ ਨਾਲ ਦਿਲ ਜੋ ਫਰੋਲਦੇ।
ਗਹੁ ਨਾਲ ਵਾਚ ਤੇ ਵਿਚਾਰ ਲਿਓ
ਜੋ ਵੀ ਸਿਆਣੇ ਮੂੰਹੋਂ ਬੋਲਦੇ।

ਤੇਜਿੰਦਰ ਸਿੰਘ ਤੇਜੀ
ਮਾਡਲ ਟਾਊਨ ( ਕੁਰਾਲੀ)
9646024480